ਰਵਨੀਤ ਬਿੱਟੂ ਵੱਲੋਂ ਖੇਤੀਬਾੜੀ ਬਿੱਲ ਕਿਸਾਨਾਂ ਨੂੰ ਖਤਮ ਕਰਨ ਵਾਸਤੇ ਆਰਥਿਕ ਸਾਜ਼ਿਸ਼ ਕਰਾਰ, ਸੁਖਬੀਰ ਨਾਲ ਵੀ ਹੋਇਆ ਟਕਰਾਅ : ਰਵਨੀਤ ਬਿੱਟੂ
ਨਵੀਂ ਦਿੱਲੀ, 17 ਸਤੰਬਰ, 2020 : ਐਮ ਪੀ ਰਵਨੀਤ ਸਿੰਘ ਬਿੱਟੂ ਨੇ ਅੱਜ ਖੇਤੀਬਾੜੀ ਬਿੱਲ 'ਤੇ ਬੋਲਦਿਆਂ ਮੋਦੀ ਸਰਕਾਰ ਨੂੰ ਜੰਮ ਕੇ ਰਗੜੇ ਲਾਏ ਤੇ ਇਹਨਾਂ ਬਿੱਲਾਂ ਨੂੰ ਕਿਸਾਨਾਂ ਨੂੰ ਖਤਮ ਕਰਨ ਵਾਸਤੇ ਆਰਥਿਕ ਸਾਜ਼ਿਸ਼ ਕਰਾਰ ਦਿੱਤਾ।
ਰਵਨੀਤ ਬਿੱਟੂ ਨੇ ਕਿਹਾ ਕਿ ਨਵੀਂ ਵਿਵਸਥਾ ਖਤਮ ਹੋਣ 'ਤੇ ਪੰਜਾਬ ਵਰਗੇ ਰਾਜਾਂ ਤੋਂ ਮੰਡੀ ਫੀਸ ਖੁੱਸ ਜਾਵੇਗੀ ਤੇ ਸਾਲਾਨਾ 3600 ਕਰੋੜ ਰੁਪਏ ਦਾ ਵੱਧ ਨੁਕਸਾਨ ਹੋਵੇਗਾ ਤੇ ਦਿਹਾਤੀ ਇਲਾਕਿਆਂ ਵਿਚ ਸੜਕਾਂ ਬਣਾਉਣ ਲਈ ਪੈਸੇ ਨਹੀਂ ਰਹਿਣਗੇ। ਬਿੱਟੂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਜੀ ਐਸ ਟੀ ਲਾ ਕੇ ਸਾਡੇ ਕੋਲ ਟੈਕਸ ਖੋਹ ਲਏ ਤੇ ਹੁਣ ਇਸ ਬਿੱਲ ਰਾਹੀਂ ਮੰਡੀ ਫੀਸ ਵੀ ਖੋਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਨੌਜਵਾਨ ਸਰਹੱਦਾਂ 'ਤੇ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਤੇ ਕਿਸਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰ ਰਹੇ ਹਨ ਪਰ ਕੇਂਦਰ ਸਰਕਾਰ ਪੰਜਾਬ ਨੂੰ ਖਤਮ ਕਰਨ 'ਤੇ ਤੁਲੀ ਹੈ। ਉਹਨਾਂ ਇਹ ਵੀ ਕਿਹਾ ਕਿ ਬਹੁਮਤ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਜਿਆਂ ਨੂੰ ਖਾ ਜਾਓ।
ਆਪਣੇ ਭਾਸ਼ਣ 'ਚ ਬਿੱਟੂ ਨੇ ਬਾਦਲਾਂ ਨੂੰ ਵੀ ਜੰਮ ਕੇ ਰਗੜੇ ਲਾਏ। ਇਸ ਦੌਰਾਨ ਸਦਨ ਵਿਚ ਸੁਖਬੀਰ ਬਾਦਲ ਦੇ ਪੁੱਜਣ 'ਤੇ ਉਹਨਾਂ ਦੀ ਸੁਖਬੀਰ ਨਾਲ ਤਲੱਖ ਕਲਾਮੀ ਵੀ ਹੋਈ ਤੇ ਬਿੱਟੂ ਨੇ ਸਪੀਕਰ ਨੂੰ ਕਿਹਾ ਕਿ ਪਰਸੋਂ ਕਿਹੜੀ ਵੋਟਿੰਗ ਹੋਈ ਸੀ ਤੇ ਸੁਖਬੀਰ ਦੇ ਦਾਅਵੇ ਝੂਠੇ ਹਨ, ਜਿਸ 'ਤੇ ਸੁਖਬੀਰ ਸਿੰਘ ਬਾਦਲ ਨੇ ਖੜੇ ਹੋ ਕੇ ਸਪੀਕਰ ਨੂੰ ਸਪਸ਼ਟ ਕਰਨ ਵਾਸਤੇ ਕਿਹਾ ਕਿ ਵੋਟਾਂ ਪਈਆਂ ਜਾਂ ਨਹੀਂ ਦੱਸਿਆ ਜਾਵੇ ਤਾਂ ਸਪੀਕਰ ਨੇ ਬਹਿਸ ਨਾ ਕੀਤੇ ਜਾਣ ਦੀ ਗੱਲ ਕਹਿ ਕੇ ਟਕਰਾਅ ਟਾਲ ਦਿੱਤਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਵਜ਼ਾਰਤ ਦੀ ਮੀਟਿੰਗ ਵਿਚ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਕਰਨ ਨੂੰ ਵੀ ਝੂਠ ਕਰਾਰ ਦਿੱਤਾ।