ਅਸ਼ੋਕ ਵਰਮਾ
ਬਠਿੰਡਾ,21 ਸਤੰਬਰ 2020 - ਪਿਛੇ ਦਸ ਵਰਿਆਂ ਦੌਰਾਨ ਪੰਜਾਬ ’ਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਖਾਤਰ ਪੰਜਾਬੀਆਂ ਨੇ ਪੁਤਲਿਆਂ ਦੇ ਰੂਪ ’ਚ ਦੋ ਕਰੋੜ ਤੋਂ ਵੱਧ ਰੁਪਏ ਫੂਕ ਦਿੱਤੇ ਹਨ ਜਦੋਂਕਿ ਬਾਕੀ ਖਰਚ ਇਸ ਤੋਂ ਵੱਖਰਾ ਹੈ । ਐਤਵਾਰ ਨੂੰ ਤਾਂ ਪੰਜਾਬ ਦੇ ਪਿੰਡ ਪੁਤਲਾ ਸਾੜੋ ਮੁਹਿੰਮ ਦਾ ਅਖਾੜਾ ਬਣੇ ਰਹੇ ਜਦੋਂਕਿ 30 ਕਿਸਾਨ ਜੱਥੇਬੰਦੀਆਂ ਦੇ ਇੱਕ ਮੋਰੀ ਨਿਕਲਣ ਅਤੇ ਪੰਜਾਬ ਦੀਆਂ ਸਮੂਹ ਵਪਾਰਕ, ਮੁਲਾਜਮ,ਮਜਦੂਰ ਅਤੇ ਹੋਰ ਧਿਰਾਂ ਵੱਲੋਂ ਕਿਸਾਨਾਂ ਦੇ ਹੱਕ ’ਚ ਨਿਤਰਨ ਕਾਰਨ ਆਉਂਦੇ ਦਿਨੀਂ ਇਹ ਵਰਤਾਰਾ ਹੋਰ ਵੀ ਭਖਣ ਦੇ ਆਸਾਰ ਹਨ। ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਸੱਤਾ ਤਬਦੀਲੀ ਤੋਂ ਬਾਅਦ ਆਈ ਕੈਪਟਨ ਸਰਕਾਰ ਦੇ ਰਾਜ ਦੌਰਾਨ ਪੰਜਾਬ ’ਚ ਸੰਘਰਸ਼ਾਂ ਦੀ ਰਫਤਾਰ ਘਟੇਗੀ ,ਉਲਟਾ ਪੁਤਲਿਆਂ ਦੀ ਚਿੰਗਿਆੜੀ ਤੇਜ ਹੋਈ ਹੈ । ਮੋਦੀ ਸਰਕਾਰ ਵੱਲੋਂ ਖੇਤੀ ਖੇਤਰ ਨੂੰ ਸੰਕਟ ’ਚ ਪਾਉਣ ਵਾਲੇ ਆਰਡੀਨੈਂਸ ਜਾਰੀ ਕਰਨ ਤੋਂ ਬਾਅਦ ਤਾਂ ਅੰਦੋਲਨਾਂ ਦਾ ਹੜ ਆਇਆ ਹੋਇਆ ਹੈ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੋਂ ਲੈਕੇ ਗੁਆਂਢੀ ਰਾਜ ਹਰਿਆਣਾ ਨਾਲ ਲੱਗਦੀ ਸੀਮਾਂ ਤੱਕ ਤਾਂ ਅੰਦੋਲਨਾਂ ਦਾ ਹੜ ਆਇਆ ਹੋਇਆ ਹੈ।
ਗੱਲ ਇੱਥੇ ਹੀ ਬੱਸ ਨਹੀਂ ਪਿਛਲੀ ਗੱਠਜੋੜ ਸਰਕਾਰ ਦੇ ਰਾਜ ’ਚ ਵੀ ਸੰਘਰਸ਼ੀ ਧਿਰਾਂ ਸੜਕਾਂ ਤੇ ਉੱਤਰੀਆਂ ਰਹੀਆਂ ਸਨ। ਅਹਿਮ ਸੂਤਰਾਂ ਦੀ ਮੰਨੀਏ ਤਾਂ ਦਸ ਸਾਲ ਦੌਰਾਨ ਪੰਜਾਬ ਵਿੱਚ ਕਰੀਬ 60 ਹਜ਼ਾਰ ਸੰਘਰਸ਼ ਚੱਲੇ ਹਨ ਜਿੰਨਾਂ ਚੋਂ ਜਿਆਦਾਤਰ ’ਚ ਲੋਕਾਂ ਨੇ ਆਪਣਾ ਗੁੱਸਾ ਪੁਤਲੇ ਸਾੜ ਕੇ ਸ਼ਾਂਤ ਕੀਤਾ ਹੈ। ਬਠਿੰਡਾ ’ਚ ਕਈ ਵਰੇ ਪਹਿਲਾਂ ਪੁਤਲਾ ਤਿਆਰ ਕਰਕੇ ਵੇਚਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਪੁਤਲੇ ਤੇ ਕਰੀਬ ਢਾਈ ਸੌ ਖਰਚ ਹੁੰਦਾ ਹੈ। ਸੰਘਰਸ਼ਸ਼ੀਲ ਕਿਸਾਨ ਆਗੂਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਤਾਂ ਅਕਸਰ ਪੁਤਲਿਆਂ ਦਾ ਸਮਾਨ ਤਿਆਰ ਕਰਕੇ ਰੱਖਣਾ ਪੈਂਦਾ ਹੈ ਕਿਉਂਕਿ ਹਾਲਾਤ ਹੀ ਅਜਿਹੇ ਬਣ ਗਏ ਹਨ। ਇਕੱਲੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਦੌਰਾਨ 20 ਲੱਖ ਰੁਪਏ ਤੋਂ ਵੱਧ ਰਾਸ਼ੀ ਪੁਤਲਿਆਂ ਰਾਹੀਂ ਖਰਚ ਕੀਤੀ ਹੈ। ਜੱਥੇਬੰਦੀ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਸਰਕਾਰਾਂ ਦੀਆਂ ਨੀਤੀਆਂ ਦੇ ਵਿਰੋਧ ’ਚ ਕਿਸਾਨਾਂ ਨੇ ਹਰ ਸਾਲ ਔਸਤਨ 1ਹਜਾਰ ਪੁਤਲਾ ਫੂਕ ਮੁਜਾਹਰੇ ਕੀਤੇ ਹਨ।
ਇਸੇ ਤਰਾਂ ਹੀ ਮਾਝੇ ਵਿੱਚ ਹੱਕੀ ਮੰਗਾਂ ਲਈ ਸੰਘਰਸ਼ ਦੇ ਰਾਹ ਪਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਵੀ ਪੁਤਲਿਆਂ ਰਾਹੀਂ ਸਰਕਾਰ ਦਾ ਵਿਰੋਧ ਕੀਤਾ ਹੈ। ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਸੰਧੂ ਦਾ ਕਹਿਣਾ ਸੀ ਕਿ ਪੁਤਲਾ ਸਾੜਨ ਤੇ ਧਰਨੇ ਲਾਉਣ ਨਾਲ ਸਰਕਾਰ ਦੀ ਬਦਨਾਮੀ ਹੁੰਦੀ ਹੈ ਜਿਸ ਕਰਕੇ ਲੋਕ ਇਸ ਰੂਪ ’ਚ ਭੜਾਸ ਕੱਢਣ ਨੂੰ ਤਰਜੀਹ ਦਿੰਦੇ ਹਨ। ਇਸੇ ਤਰਾਂ ਹੀ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਤਾਂ ਪੁਤਲੇ ਹਥਿਆਰ ਬਣਦੇ ਹਨ। ਏਦਾਂ ਹੀ ਆਂਗਣਵਾੜੀ ਜੱਥੇਬੰਦੀਆਂ ਮਾਣ ਭੱਤੇ ਸਮੇਤ ਹੋਰ ਮੰਗਾਂ ਲਈ ਵੀ ਹੱਲਾ ਬੋਲਦੀਆਂ ਰਹੀਆਂ ਹਨ। ਕੈਪਟਨ ਸਰਕਾਰ ਦੇ ਗਠਨ ਮਗਰੋਂ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਤਾਂ ਪੁਤਲਿਆਂ ਦਾ ਸੇਕ ਸਿਵਿਆਂ ਤੱਕ ਲੈ ਗਈ ਹੈ। ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਵੀ ਲਗਾਤਾਰ ਸੜਕਾਂ ਤੇ ਹੈ। ਇਸੇ ਤਰਾਂ ਹੀ ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਨਾਮ ਵੀ ਪੁਤਲੇ ਸਾੜੋ ਮੁਹਿੰਮ ’ਚ ਸ਼ੁਮਾਰ ਹੁੰਦਾ ਹੈ।
ਦਿਹਾਤੀ ਮਜਦੂਰ ਸਭਾ ਦੇ ਨੇਤਾ ਕਾਮਰੇਡ ਮਾਹੀਪਾਲ ਨੇ ਦੱਸਿਆ ਕਿ ਪੁਤਲਿਆਂ ਨੇ ਅਕਸਰ ਸੰਘਰਸ਼ਾਂ ਨੂੰ ਸਫਲਤਾ ਦਿੱਤੀ ਹੈ ਜਿਸ ਕਰਕੇ ਇਹ ਨੀਤੀ ਲੋਕਾਂ ਦੀ ਪਹਿਲੀ ਪਸੰਦ ਹੈ। ਪੰਜਾਬ ਦੇ ਅੰਦੋਲਨਾਂ ਦੀ ਪੜਚੋਲ ਕਰੀਏ ਤਾਂ ਮੁੱਖ ਤੌਰ ਤੇ ਸਰਕਾਰੀ ਥਰਮਲ ਬੰਦ ਕਰਨ, ਠੇਕਾ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਮੁਲਾਜਮਾਂ ਪੱਕੇ ਕਰਨ ,ਬੀਕੇਯੂ ਸਿੱਧੂਪੁਰ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੇਂਡੂ ਮਜਦੂਰ ਯੂਨੀਅਨ, ਕ੍ਰਾਂਤੀਕਾਰੀ ਮਜਦੂਰ ਯੂਨੀਅਨ ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਕਿਰਤੀ ਕਿਸਾਨ ਯੂਨੀਅਨ ਨੇ ਲਗਾਤਾਰ ਸੰਘਰਸ਼ੀ ਪਿੜ ’ਚ ਸਰਕਾਰਾਂ ਖਿਲਾਫ ਪੁਤਲੇ ਸਾੜਕੇ ਗੁੱਸਾ ਲਾਹਿਆ ਹੈ। ਮਾਨਸਾ ਜਿਲੇ ’ਚ ਮਜਦੂਰ ਮੁਕਤੀ ਮੋਰਚਾ ਤੇ ਪੰਜਾਬ ਕਿਸਾਨ ਯੂਨੀਅਨ ਸਰਗਰਮ ਹਨ ਅਤੇ ਹੋਰ ਵੀ ਵੱਖ ਵੱਖ ਕਿਸਾਨ ਮਜਦੂਰ , ਅਧਿਆਪਕ ਅਤੇ ਬੇਰੁਜਗਾਰ ਧਿਰਾਂ ਦੇ ਸੰਘਰਸ਼ ਮਘੇ ਹੋਏ ਹਨ । ਦੁਆਬਾ ਵੀ ਪੁਤਲਿਆਂ ਦੇ ਸੇਕ ਤੋਂ ਵਾਂਝਾ ਨਹੀਂ ਰਿਹਾ ਹੈ । ਇਸ ਮਾਮਲੇ ’ਚ ਕਾਫੀ ਧਿਰਾਂ ਦੇ ਵੇਰਵੇ ਪ੍ਰਾਪਤ ਨਹੀਂ ਹੋ ਸਕੇ ਹਨ। ਅਕਾਲੀ ਦਲ ਤੇ ਭਾਜਪਾ ਨੇ ਯੂਪੀਏ ਸਰਕਾਰ ਵੇਲੇ ਤਾਂ ਮਹਿੰਗਾਈ ਖਿਲਾਫ ਪੁਤਲੇ ਸਾੜੇ ਪਰ ਮੋਦੀ ਸਰਕਾਰ ਵੇਲੇ ਸ਼ਾਂਤੀ ਰੱਖੀ ਹੈ ।
ਹਰ ਦਿਨ ਸੜਕਾਂ ਤੇ ਉਤਰਦੇ ਲੋਕ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਕੋਈ ਦਿਨ ਅਜਿਹਾ ਨਹੀਂ, ਜਦੋਂ ਹੱਕ ਮੰਗਣ ਵਾਲਿਆਂ ਨੂੰ ਪੁਤਲੇ ਲੈਕੇ ਸੜਕਾਂ ਤੇ ਉਤਰਨਾ ਨਾ ਪਿਆ ਹੋਵੇ । ਉਨਾਂ ਕਿਹਾ ਕਿ ਕਿ ਜਦੋਂ ਵੀ ਲੀਡਰ ਵਾਅਦਿਆਂ ਤੋਂ ਮੁੱਕਰ ਜਾਂਦੇ ਹਨ ਤਾਂ ਵਿਰੋਧ ’ਚ ਪੁਤਲੇ ਸਾੜਨਾ ਮਜਬੂਰੀ ਬਣ ਜਾਂਦੀ ਹੈ।
ਆਂਗਣਵਾੜੀ ਮੁਲਾਜਮਾਂ ਨੇ ਤਾਂ ਕੁੱਟ ਵੀ ਖਾਧੀ
ਆਂਗਣਵਾੜੀ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਜਦੋਂ ਸਰਕਾਰਾਂ ਮਸਲਿਆਂ ਤੋਂ ਪਿੱਠ ਕਰ ਲੈਂਦੀਆਂ ਹਨ ਤਾਂ ਕੋਈ ਦੂਸਰਾ ਚਾਰਾ ਵੀ ਨਹੀਂ ਬਚਦਾ ਹੈ। ਉਨਾਂ ਆਖਿਆ ਕਿ ਆਂਗਣਵਾੜੀ ਮੁਲਾਜ਼ਮਾਂ ਨੂੰ ਤਾਂ ਪੁਲੀਸ ਦੀ ਕੁੱਟ ਵੀ ਝੱਲਣੀ ਪਈ ਹੈ।