ਜੀ ਐਸ ਪੰਨੂ
- ਡਰਾਮਾ ਕੁਇਨ' ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਵਾਲੇ ਡਰਾਮੇ ਦੇ ਬਾਵਜੂਦ ਬਾਦਲ ਅੱਜ ਵੀ ਕੇਂਦਰ ਸਰਕਾਰ ਦਾ ਹਿੱਸਾ ਕਿਉਂ ?
ਪਟਿਆਲਾ, 23 ਸਤੰਬਰ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦਾ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਨੂੰ ਕਾਮਯਾਬ ਬਣਾਉਣ। 'ਆਪ' ਨੇ ਨਾਲ ਹੀ 25 ਸਤੰਬਰ ਨੂੰ ਬਾਦਲਾਂ ਵੱਲੋਂ 'ਚੱਕਾ ਜਾਮ' ਦੇ ਐਲਾਨ ਨੂੰ ਕਿਸਾਨੀ ਸੰਘਰਸ਼ ਵਿਰੁੱਧ ਸਾਜਿਸ਼ ਦੱਸਿਆ ਹੈ।
ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਦੋਸ਼ ਲਗਾਇਆ ਹੈ ਕਿ 'ਡਰਾਮਾ ਕੁਇਨ' ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਵਾਲੇ ਡਰਾਮੇ ਦੇ ਬਾਵਜੂਦ ਬਾਦਲ ਅੱਜ ਵੀ ਕੇਂਦਰ ਸਰਕਾਰ ਦਾ ਹਿੱਸਾ ਹਨ ਅਤੇ ਮੋਦੀ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ, ਇਸ ਕਰਕੇ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਪ੍ਰਗੋਰਾਮ ਨੂੰ ਤਾਰਪੀਡੋ ਕਰਨ ਲਈ ਬਾਦਲਾਂ ਨੇ 25 ਸਤੰਬਰ ਨੂੰ ਹੀ 'ਚੱਕਾ ਜਾਮ' ਦਾ ਡਰਾਮਾ ਐਲਾਨ ਦਿੱਤਾ ਹੈ। ਇਸ ਮੌਕੇ ਡਾ. ਬਲਬੀਰ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਕਰਨਵੀਰ ਟੀਵਾਣਾ, ਗਿਆਨ ਸਿੰਘ ਮੂੰਗੋ, ਚੇਤਨ ਸਿੰਘ ਜੋੜਮਾਜਰਾ, ਆਰ.ਪੀ.ਐਸ ਮਲਹੋਤਰਾ, ਮੇਘ ਚੰਦ ਸ਼ਰਮਾ, ਜੇ.ਪੀ ਸਿੰਘ ਅਤੇ ਹੋਰ ਆਗੂ ਹਾਜਰ ਸਨ।
ਮੀਤ ਹੇਅਰ ਨੇ ਦੋਸ਼ ਲਗਾਇਆ ਕਿ ਕਿਸਾਨੀ ਸੰਘਰਸ਼ ਦੇ ਸਮਾਨਅੰਤਰ (ਬਰਾਬਰ) ਬਾਦਲਾਂ ਵੱਲੋਂ ਇਹ ਡਰਾਮਾ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ, ਤਾਂ ਕਿ ਕਿਸੇ ਤਰੀਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਨੂੰ ਤੋੜਿਆ ਜਾਵੇ।
ਮੀਤ ਹੇਅਰ ਨੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਗੱਦਾਰ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਮੋਦੀ ਦੀ ਕਾਲੇ ਕਾਨੂੰਨਾਂ ਲਈ ਐਨੀ ਤਾਨਾਸ਼ਾਹੀ ਦੇ ਬਾਵਜੂਦ ਬਾਦਲਾਂ ਨੇ ਐਨਡੀਏ ਨਾਲੋਂ ਨਾਤਾ ਕਿਉਂ ਨਹੀਂ ਤੋੜਿਆ? ਕੇਂਦਰ ਸਰਕਾਰ ਦਾ ਖੁਦ ਹਿੱਸਾ ਹੋਣ ਦੇ ਬਾਵਜੂਦ ਬਾਦਲ ਪੰਜਾਬ 'ਚ 'ਚੱਕਾ ਜਾਮ' ਦਾ ਡਰਾਮਾ ਕਿਸ ਦੇ ਵਿਰੁੱਧ ਕਰ ਰਹੇ ਹਨ? ਕੀ ਇਹ ਪਾਖੰਡ 25 ਸਤੰਬਰ ਨੂੰ ਹੀ ਜਰੂਰੀ ਹੈ ਅਤੇ ਅੱਗੇ ਪਿੱਛੇ ਕਿਉਂ ਨਹੀਂ ਹੋ ਸਕਦਾ?
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲਾਂ ਦੀਆਂ ਅਜਿਹੀਆਂ ਦੋਗਲੀਆਂ ਹਰਕਤਾਂ ਕਾਰਨ ਪਹਿਲਾਂ ਹੀ ਇਨ੍ਹਾਂ (ਬਾਦਲ ਪਰਿਵਾਰ) ਦਾ ਚੱਕਾ ਜਾਮ ਪੱਕੇ ਤੌਰ 'ਤੇ ਕਰ ਰੱਖਿਆ ਹੈ ਅਤੇ ਬਾਦਲਾਂ ਅਤੇ ਭਾਜਪਾ ਦੀ ਪਿੰਡਾਂ 'ਚ 'ਨੋ ਐਂਟਰੀ' ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ।
ਕੁਲਵੰਤ ਪੰਡੋਰੀ ਨੇ ਕਿਹਾ ਕਿ ਬਾਦਲਾਂ ਵਾਂਗ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਮੋਦੀ ਸਰਕਾਰ ਦੀ ਕਠਪੁਤਲੀ ਹੈ। ਹਾਈਪਾਵਰ ਕਮੇਟੀ 'ਚ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਚੁੱਪ-ਚਪੀਤੇ ਸਹਿਮਤੀ ਦੇਣਾ ਅਤੇ ਵਿੱਤੀ ਸੁਧਾਰਾਂ ਦੇ ਨਾਂ 'ਤੇ ਗਠਿਤ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਰਾਹੀਂ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਹੂ-ਬ-ਹੂ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਾ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਅਮਰਿੰਦਰ ਸਿੰਘ ਮੋਦੀ ਸਰਕਾਰ ਦੇ ਕਰਿੰਦੇ ਵਜੋਂ ਕੰਮ ਕਰ ਰਹੇ ਹਨ।
ਕੁਲਵੰਤ ਪੰਡੋਰੀ ਨੇ ਦੋਸ਼ ਲਗਾਇਆ ਕਿ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ, ਸ਼ਰਾਬ ਅਤੇ ਡਰੱਗ ਮਾਫੀਆ, ਈਡੀ ਅਤੇ ਇਨਕਮ ਟੈਕਸ, ਵਿਦੇਸ਼ੀ ਬੈਂਕ ਖਾਤੇ ਅਤੇ ਵਿਦੇਸ਼ੀ ਮਹਿਮਾਨਾਂ ਕਾਰਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀਆਂ ਅਨੇਕ ਕਮਜੋਰੀਆਂ ਕਰਕੇ ਇਨ੍ਹਾਂ ਦੋਵੇਂ ਪਰਿਵਾਰਾਂ ਦੀ ਘੰਡੀ ਮੋਦੀ ਦੇ ਹੱਥ 'ਚ ਹੈ। ਇਹੋ ਕਾਰਨ ਹੈ ਕਿ ਨਰਿੰਦਰ ਮੋਦੀ ਸਰਕਾਰ ਅਮਰਿੰਦਰ ਸਿੰਘ ਅਤੇ ਬਾਦਲਾਂ ਨੂੰ ਪੰਜਾਬ ਵਿਰੁੱਧ ਹੀ ਹਥਿਆਰ ਵਜੋਂ ਵਰਤਦੀ ਆ ਰਹੀ ਹੈ।
ਮੰਡੀਆਂ 'ਚ ਰੁਲ ਰਹੀ ਮੱਕੀ, ਕਪਾਹ ਅਤੇ ਬਾਸਮਤੀ ਬਾਰੇ ਜਵਾਬ ਦੇਣ ਸਰਕਾਰਾਂ- 'ਆਪ'
ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦਾ ਖਮਿਆਜ਼ਾ ਦੇਸ਼ ਅਤੇ ਪੰਜਾਬ ਦਾ ਕਿਸਾਨ ਕੱਲ੍ਹ ਵੀ ਭੁਗਤਦਾ ਸੀ ਅਤੇ ਅੱਜ ਵੀ ਭੁਗਤ ਰਿਹਾ ਹੈ।
ਅੱਜ ਪੰਜਾਬ ਦੀਆਂ ਮੰਡੀਆਂ 'ਚ ਐਮਐਸਪੀ ਐਲਾਨੀ ਹੋਣ ਦੇ ਬਾਵਜੂਦ ਮੱਕੀ 1870 ਦੀ ਥਾਂ 650 ਤੋਂ 1000 ਰੁਪਏ ਅਤੇ ਨਰਮਾ (ਕਾੱਟਨ) 5825 ਰੁਪਏ ਪ੍ਰਤੀ ਕਿਵੰਟਲ ਦੀ ਥਾਂ 4000-4500 ਰੁਪਏ ਵਿਕ ਰਿਹਾ ਹੈ। ਜਦਕਿ ਐਮਐਸਪੀ ਰਹਿਤ ਬਾਸਮਤੀ ਦੀ ਫਸਲ ਮਹਿਜ਼ 1900 ਰੁਪਏ ਪ੍ਰਤੀ ਕਿਵੰਟਲ ਖਰੀਦੀ ਜਾ ਰਹੀ ਹੈ, ਜਿਸਨੂੰ ਬਾਅਦ 'ਚ ਇਹੋ ਵਿਚੋਲੇ (ਮਿਡਲ) ਖਰੀਦਦਾਰ 6000 ਰੁਪਏ ਪ੍ਰਤੀ ਕਿਵੰਟਲ ਤੱਕ ਖਪਤਕਾਰਾਂ ਨੂੰ ਵੇਚਦੇ ਹਨ।
ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਹ ਅਜੇ ਟ੍ਰੇਲਰ ਹੈ ਜਦ ਮੋਦੀ ਦੇ ਇਹ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਕਣਕ ਅਤੇ ਝੋਨੇ ਦਾ ਹਾਲ ਹੋਰ ਵੀ ਬਦਤਰ ਹੋਵੇਗਾ।