ਫਿਰੋਜ਼ਪੁਰ, 29 ਸਤੰਬਰ 2020 - ਕਾਰਪੋਰੇਟ ਕੰਪਨੀਆਂ ਨੂੰ ਦੇਸ਼ ਦੇ ਕੁਦਰਤੀ ਆਰਥਿਕ ਸੋਮੇ ਠੀਕਰਾਂ ਦੇ ਭਾਅ ਲਟਾਉਣ ਵਾਲੀ ਮੋਦੀ ਸਰਕਾਰ ਵਿਰੁੱਧ ਸਾਰੇ ਦੇਸ਼ ਵਿਚ ਕਿਸਾਨਾਂ ਦਾ ਅੰਦੋਲਨ ਉਬਾਲੇ ਖਾ ਰਿਹਾ ਹੈ ਤੇ ਮੋਦੀ ਸਰਕਾਰ ਦੇ ਵਿਰੋਧ ਵਿਚ ਹਜ਼ਾਰਾਂ ਕਿਸਾਨਾਂ, ਮਜਦੂਰਾਂ ਤੇ ਬੀਬੀਆਂ ਵਲੋਂ ਅੱਜ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ (ਫਿਰੋਜ਼ਪੁਰ) ਵਿਖੇ ਲੱਗੇ ਪੱਕੇ ਮੋਰਚੇ ਦੇ 6ਵੇਂ ਦਿਨ ਵਿਸ਼ਾਲ ਇਕੱਠ ਕਰਕੇ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਆਰਡੀਨੈਂਸ ਤੇ ਕਾਲੇ ਕਾਨੂੰਨ ਰੱਦ ਕਰਨ ਦੀ ਤਾੜਨਾ ਕਰਦਿਆਂ ਦੇਸ਼ ਵਿੱਚ ਗਦਰ ਮੱਚਣ ਦੀ ਚਿਤਾਵਨੀ ਦਿੱਤੇ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਮੇਹਰ ਸਿੰਘ ਤਲਵੰਡੀ, ਗੁਰਸਾਹਿਬ ਸਿੰਘ ਪਹੁੰਵਿੰਡ ਨੇ ਐਲਾਨ ਕੀਤਾ ਕਿ ਕਾਰਪੋਰੇਟ ਘਰਾਣਿਆਂ ਤੇ ਉਸ ਦੀ ਜੋਟੀਦਾਰ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਰਿਲਾਇੰਸ ਸਮੇਤ ਕਾਰਪੋਰੇਟ ਕੰਪਨੀਆਂ ਦੀਆਂ ਬਣਦੀਆਂ ਵਸਤੂਆਂ ਮਾਲਜ਼, ਪੈਟਰੋਲ ਪੰਪਾਂ, ਸਾਇਲੋ ਗੁਦਾਮਾਂ, ਬਰੈਂਡਡ ਕੱਪੜਿਆਂ, ਜੀਓ ਸਿਮਾਂ ਆਦਿ ਦਾ ਪੰਜਾਬ ਤੇ ਦੇਸ਼ ਵਾਸੀਆਂ ਵਲੋਂ ਬਾਈਕਾਟ ਕੀਤਾ ਜਾਵੇ ਤੇ ਸਾਰੇ ਭਾਈ ਲਾਲੂਆਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਤੇ ਵੱਖ ਵੱਖ ਸੂਬਿਆਂ ਦੇ ਵਿਧਾਇਕਾਂ ਨੂੰ ਮੋਦੀ ਸਰਕਾਰ ਖਿਲਾਫ ਬਗਾਵਤ ਕਰਕੇ ਅਸਤੀਫੇ ਦੇਣ ਦੀ ਅਪੀਲ ਕੀਤੀ ਤੇ ਹਰਿਆਣਾ ਵਿਚ ਜਨਨਾਇਕ ਪਾਰਟੀ ਦੇ ਦੁਯਵੰਤ ਚੋਟਾਲਾ ਨੂੰ ਭਾਜਪਾ ਸਰਕਾਰ ਦਾ ਸਾਥ ਛੱਡ ਕੇ ਕਿਸਾਨਾਂ ਨਾਲ ਖੜ੍ਹੇ ਹੋਣ ਲਈ ਜ਼ੋਰ ਦਿੱਤਾ। ਕਿਸਾਨ ਆਗੂਆਂ ਨੇ ਭਾਰਤੀ ਕਿਸਾਨ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਾਰਪੋਰੇਟ ਘਰਾਣਿਆਂ ਦੇ ਗੁਦਾਮਾਂ, ਮਾਲਜ਼, ਪੈਟਰੋਲ ਪੰਪਾਂ ਤੇ ਭਾਜਪਾ ਆਗੂਆਂ ਦੇ ਘਰਾਂ ਦੇ 1 ਅਕਤੂਬਰ ਤੋਂ ਘਿਰਾਓ ਕਰਨ ਦਾ ਐਲਾਨ ਕਰਨ ਦੀ ਹਮਾਇਤ ਕੀਤੀ ਗਈ ਤੇ 1 ਅਕਤੂਬਰ ਤੋਂ ਰੇਲ ਰੋਕੋ ਐਕਸ਼ਨ ਦੀ ਵੀ ਪੂਰੀ ਹਮਾਇਤ ਕੀਤੀ ਜਾਵੇਗੀ।
ਇਸ ਮੌਕੇ ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਕਿਸਾਨ ਮਜਦੂਰ ਵਿਰੋਧੀ ਤਿੰਨ ਖੇਤੀ ਆਰਡੀਨੈਂਸ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਪੰਜਾਬ ਸਰਕਾਰ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਤਿੰਨ ਖੇਤੀ ਆਰਡੀਨੈਂਸ ਰੱਦ ਕਰਨ ਦਾ ਕਾਨੂੰਨ ਪਾਸ ਕਰੇ ਤੇ 14 ਅਗਸਤ 2017 ਨੂੰ ਏਪੀਐੱਮਸੀ ਐਕਟ ਵਿਚ ਕੀਤੀ ਸੋਧ ਰੱਦ ਕੀਤੀ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜਾ ਮੁਆਫ ਕੀਤਾ ਜਾਵੇ ਤੇ ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਹੋਵੇ। ਇਸ ਮੌਕੇ ਬਲਰਾਜ ਸਿੰਘ ਫੈਰੋਕੇ, ਮਹਿਤਾਬ ਸਿੰਘ ਕੱਚਰਭੰਨ, ਖਿਲਾਰਾ ਸਿੰਘ ਪੰਨੂੰ, ਬਲਜਿੰਦਰ ਸਿੰਘ ਤਲਵੰਡੀ, ਐਡਵੋਕੇਟ ਮਨਜਿੰਦਰ ਸਿੰਘ ਭੁੱਲਰ, ਸੁਖਦੇਵ ਸਿੰਘ ਦੁੱਬਲੀ, ਗੁਰਭੇਜ ਸਿੰਘ, ਚਮਕੌਰ ਸਿੰਘ ਧਾਰੀਵਾਲ, ਦਿਲਬਾਗ ਸਿੰਘ ਮਾੜੀ ਮੇਘਾ ਆਦਿ ਆਗੂਆਂ ਵੀ ਸੰਬੋਧਨ ਕੀਤਾ।