ਹਰੀਸ਼ ਕਾਲੜਾ
ਰੂਪਨਗਰ, 01 ਅਕਤੂਬਰ 2020 - ਰਬੀ ਸੀਜ਼ਨ ਦੀ ਸ਼ੁਰੂਆਤ ਅਤੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਦੇ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਚਲ ਰਹੇ 'ਪਰਾਲੀ ਦੀ ਸਾਂਭ ਸੰਭਾਲ' ਪ੍ਰੋਜੈਕਟ ਅਧੀਨ ਡਾ. ਜੀ.ਐਸ. ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵੱਲੋਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦਾ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਪ੍ਰੋਗ੍ਰਾਮ ਦਾ ਮੁੱਖ ਮੰਤਵ ਸਕੱਤਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਚਲਾਏ ਜਾ ਰਹੇ 'ਪਰਾਲੀ ਨੂੰ ਸਾਂਭਣ ਦੀਆਂ ਤਕਨੀਕਾਂ' ਪ੍ਰੋਜੈਕਟ ਬਾਰੇ ਜਾਗਰੂਕ ਕਰਨਾ ਸੀ।ਇਸ ਪ੍ਰੋਗ੍ਰਾਮ ਵਿੱਚ ਜਿਲੇ ਦੇ ਪੰਜ ਬਲਾੱਕਾਂ ਦੇ ਤਕਰੀਬਨ 25 ਸਕੱਤਰਾਂ ਨੇ ਭਾਗ ਲਿਆ।
ਪ੍ਰੋਗਰਾਮ ਵਿੱਚ ਡਾ. ਮੱਕੜ ਨੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਜੋ ਕਿ ਕਿਸਾਨਾਂ ਨੂੰ ਮੁਫਤ ੳਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਅਧੀਨ ਗੋਦ ਲਏ ਪਿੰਡਾਂ ਦੇ ਵਿੱਚ ਪਰਾਲੀ ਦੀ ਸੰਭਾਲ ਸੰਬੰਧੀ ਚੱਲ ਰਹੇ ਪ੍ਰੋਗਰਾਮਾਂ ਤੇ ਵੀ ਚਾਨਣਾ ਪਾਇਆ। ਡਾ. ਮੱਕੜ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਹਾੜ੍ਹੀ ਦੀਆਂ ਫਸਲਾਂ ਦੇ ਪੀ.ਏ.ਯੂ. ਵੱਲੋਂ ਪ੍ਰਮਾਇਤ ਬੀਜ ਅਤੇ ਸਬਜੀਆਂ ਦੀਆਂ ਕਿੱਟਾਂ ਵੀ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਕਿਸਾਨਾਂ ਲਈ ਉਪਲਬਧ ਹਨ। ਪਰਾਲੀ ਦੀ ਸਾਂਭ ਸੰਭਾਲ ਦੇ ਪ੍ਰੋਜੈਕਟ ਕੋਆਰਡੀਨੇਟਰ, ਡਾ. ਅਪਰਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰਰਿਤ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਕਿਸਾਨਾਂ ਤੱਕ ਕੇ.ਵੀ.ਕੇ. ਦੀ ਇਸ ਸਕੀਮ ਦਾ ਲਾਭ ਪਹੁੰਚਾਇਆ ਜਾਵੇ।