ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਨੂੰ ਸਦਮਾ-ਪਤੀ ਊਧਮ ਸਿੰਘ ਦਾ ਦਿਹਾਂਤ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 28 ਮਾਰਚ 2024:-ਜ਼ਿਲਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ। ਜਦੋਂ ਉਨਾਂ ਦੇ ਪਤੀ ਸਾਬਕਾ ਮੈਨੇਜਰ ਊਧਮ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਹ ਕਰੀਬ 78 ਸਾਲਾਂ ਦੇ ਸਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਨਾਂ ਨੂੰ ਪੈਰਾਲਾਈਸਿਸ ਦੀ ਸ਼ਿਕਾਇਤ ਹੋਈ ਸੀ। ਜਿਸ ਸੰਬੰਧੀ ਫੌਰਟਿਸ ਹਸਪਤਾਲ ਮੋਹਾਲੀ ਤੋਂ ਉਹਨਾਂ ਦਾ ਇਲਾਜ਼ ਚੱਲ ਰਿਹਾ ਸੀ। ਇਸ ਦੌਰਾਨ ਅੱਜ ਤੜਕੇ ਉਨਾਂ ਦਾ ਦਿਹਾਂਤ ਹੋ ਗਿਆ। ਇਹ ਖਬਰ ਸੁਣਦਿਆਂ ਹੀ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਦੱਸਣਯੋਗ ਹੈ ਕਿ ਊਧਮ ਸਿੰਘ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਕੇਸਗੜ ਸਾਹਿਬ (ਆਨੰਦਪੁਰ ਸਾਹਿਬ) ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵੱਖ-ਵੱਖ ਗੁਰਦੁਆਰਿਆਂ ਵਿੱਚ ਸੇਵਾ ਨਿਭਾਉਣ ਉਪਰੰਤ ਦਰਬਾਰ ਸਾਹਿਬ, ਅੰਮਿ੍ਰਤਸਰ ਤੋਂ ਸੇਵਾ ਮੁਕਤ ਹੋਏ ਸਨ। ਸੇਵਾ ਮੁਕਤੀ ਉਪਰੰਤ ਵੀ ਪਿਛਲੇ ਕਈ ਸਾਲਾਂ ਤੋਂ ਉਹ ਜ਼ਿਲਾ ਲਿਖਾਰੀ ਸਭਾ ਦੇ ਅਣਥੱਕ ਕਾਮੇ ਵਜੋਂ ਨਿਸ਼ਕਾਮ ਸੇਵਾ ਨਿਭਾਅ ਰਹੇ ਸਨ। ਜਿਕਰਯੋਗ ਹੈ ਕਿ ਊਧਮ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਨਾਂ ਦੀਆਂ ਦੋਵੇਂ ਬੇਟੀਆਂ ਤੇ ਉਨਾਂ ਦੇ ਪਰਿਵਾਰ ਅਤੇ ਇਕਲੌਤੇ ਪੋਤੇ ਦੇ ਵਿਦੇਸ਼ ’ਚ ਹੋਣ ਕਾਰਨ ਉਨਾਂ ਦਾ ਅੰਤਿਮ ਸਸਕਾਰ ਮਿਤੀ 30 ਮਾਰਚ, ਦਿਨ ਸ਼ਨੀਵਾਰ ਨੂੰ ਪਿੰਡ ਸਾਨੀਪੁਰ ਨੇੜੇ ਜੀ ਟੀ ਰੋਡ ਸਰਹਿੰਦ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਈ ਵਰੇ ਪਹਿਲਾਂ ਉਨਾਂ ਦੇ ਇਕਲੌਤੇ ਬੇਟੇ ਦਿਲਰਾਜ ਸਿੰਘ ਦੀ ਇੱਕ ਸੜਕ ਹਾਦਸੇ ਦੌਰਾਨ ਭਰੀ ਜਵਾਨੀ ’ਚ ਮੌਤ ਹੋ ਗਈ ਸੀ।