ਸੀਆਈਏ ਸਟਾਫ ਜਗਰਾਉਂ ਨੇ ਅਫੀਮ ਅਤੇ ਹੈਰੋਇਨ ਸਮੇਤ ਤਿੰਨ ਕੀਤੇ ਕਾਬੂ
ਜਗਰਾਉਂ 29 ਮਾਰਚ 2024 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਨਸ਼ਾ ਸਮਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਪੀ ਮਨਵਿੰਦਰ ਵੀਰ ਸਿੰਘ,ਐਸਪੀ ਪਰਮਿੰਦਰ ਸਿੰਘ ਅਤੇ ਡੀਐਸਪੀ ਜਸਜੋਤ ਸਿੰਘ ਦੀ ਪੁਲਿਸ ਪਾਰਟੀ ਦੇ ਸੀਆਈਏ ਸਟਾਫ ਦੇ ਮੁੱਖ ਅਫਸਰ ਇੰਸਪੈਕਟਰ ਕਿੱਕਰ ਸਿੰਘ ਅਤੇ ਏਐਸਆਈ ਸੁਖਦੇਵ ਸਿੰਘ ਨੂੰ ਮੁਖਬਰ ਦੀ ਇਤਲਾਹ ਦੇ ਅਧਾਰ ਤੇ ਪਤਾ ਲੱਗਾ ਕਿ ਗੁਰਜੰਟ ਸਿੰਘ ਅਤੇ ਹਰਚੰਦ ਸਿੰਘ ਬਾਹਰਲੀਆਂ ਸਟੇਟਾਂ ਤੋਂ ਅਫੀਮ ਲਿਆ ਕੇ ਜਗਰਾਉਂ ਏਰੀਏ ਵਿੱਚ ਵੇਚਣ ਦਾ ਕੰਮ ਕਰਦੇ ਹਨ।
ਇਹ ਦੋਨੋਂ ਆਪਣੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਅਫੀਮ ਵੇਚਣ ਲਈ ਧਰਮਕੋਟ ਤੋਂ ਜਗਰਾਉਂ ਵਿੱਚ ਆ ਰਹੇ ਹਨ। ਪੁਲਿਸ ਨੇ ਅਮਰਗੜ੍ਹ ਕਲੇਰ ਪਿੰਡ ਵਿੱਚ ਨਾਕਾਬੰਦੀ ਕੀਤੀ । ਨਾਕਾਬੰਦੀ ਦੇ ਦੌਰਾਨ ਦੋਨਾਂ ਨੂੰ ਰੋਕ ਕੇ ਜਦ ਕਾਰ ਦੀ ਤਲਾਸ਼ੀ ਲਈ ਤਾਂ ਇਹਨਾਂ ਕੋਲੋਂ 2 ਕਿਲੋਗ੍ਰਾਮ ਅਫੀਮ ਬਰਾਮਦ ਹੋਈ । ਪੁਲਿਸ ਨੇ ਬਣਦੀ ਕਾਰਵਾਈ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸੇ ਤਰ੍ਹਾਂ ਏਐਸਆਈ ਧਰਮਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਜਗਰਾਉਂ ਤੋਂ ਸਿੱਧਵਾਂ ਬੇਟ ਵੱਲ ਜਾ ਰਹੇ ਸਨ। ਜਦ ਸਿੱਧਵਾਂ ਬੇਟ ਨਹਿਰ ਕੋਲ ਪੁੱਜੇ ਤਾਂ ਸਿੱਧਵਾਂ ਬੇਟ ਸਾਈਡ ਤੋਂ ਇੱਕ ਮੋਨਾ ਨੌਜਵਾਨ ਮੋਟਰਸਾਈਕਲ ਤੇ ਆਉਂਦਾ ਦਿਖਾਈ ਦਿੱਤਾ।
ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਕੇ ਉਸਨੇ ਆਪਣਾ ਮੋਟਰਸਾਈਕਲ ਨਹਿਰ ਦੀ ਪਟੜੀ ਵੱਲ ਨੂੰ ਮੋੜਿਆ ਤਾਂ ਸਲਿਪ ਹੋਣ ਕਰਕੇ ਉਹ ਡਿੱਗ ਪਿਆ। ਪੁਲਿਸ ਪਾਰਟੀ ਨੂੰ ਸ਼ੱਕ ਹੋਣ ਤੇ ਉਸ ਨੂੰ ਕਾਬੂ ਕੀਤਾ ਅਤੇ ਜਦ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਬਲਜਿੰਦਰ ਸਿੰਘ ਦੱਸਿਆ। ਪੁਲਿਸ ਪਾਰਟੀ ਨੇ ਜਦ ਉਸ ਦੀ ਅਤੇ ਉਸਦੇ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਬਣਦੀ ਕਾਰਵਾਈ ਕਰਕੇ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੱਗੇ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ ।