ਟੀਕਾਕਰਨ ਪ੍ਰੋਗਰਾਮ ਦੀ ਦੇ ਮੱਦੇਨਜ਼ਰ ਵਿਸ਼ਵ ਟੀਕਾਕਰਨ ਹਫ਼ਤਾ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਿਹਰ, 25 ਅਪ੍ਰੈਲ 2024 :ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਵਿਚ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਈ.ਪੀ.ਆਈ.) ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਵ ਟੀਕਾਕਰਨ ਸਪਤਾਹ ਦੀ ਸ਼ੁਰੂਆਤ ਕਰ ਦਿੱਤੀ ਗਈ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਜ਼ਿਲ੍ਹੇ ਵਿਚ ਮੋਬਾਇਲ ਟੀਕਾਕਰਨ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਜ਼ਿਲ੍ਹੇ ਦੇ ਹਰ ਲਾਭਪਾਤਰੀ ਦੇ ਸੰਪੂਰਨ ਟੀਕਾਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਮਰ ਦੇ ਹਿਸਾਬ ਨਾਲ ਜਿਨ੍ਹਾਂ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਅਧੂਰਾ ਹੈ, ਉਨ੍ਹਾਂ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਲਾਭਪਾਤਰੀ ਸੰਪੂਰਨ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸਿਹਤ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਲ 1974 ਵਿਚ ਈ.ਪੀ.ਆਈ. ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਸਾਲ 2024 ਵਿਚ ਈ.ਪੀ.ਆਈ. ਦੀ 50ਵੀਂ ਵਰ੍ਹੇਗੰਢ ਇਸ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ, ਟੀਕਾਕਰਨ ਨਾਲ ਬਚਾਈਆਂ ਗਈਆਂ ਜਾਨਾਂ 'ਤੇ ਇਸਦੇ ਪ੍ਰਭਾਵ ਨੂੰ ਉਜਾਗਰ ਕਰਨ ਅਤੇ ਨਿਯਮਤ ਟੀਕਾਕਰਨ ਪਹਿਲ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਵਪੂਰਨ ਮੌਕਾ ਪ੍ਰਦਾਨ ਕਰ ਰਹੀ ਹੈ।
ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਦੀਪ ਕਮਲ ਨੇ ਨਵਾਂਸਹਿਰ ਸਥਿਤ ਹਾਈਰਿਸਕ ਖੇਤਰਾਂ ਵਿਚ ਟੀਕਾਕਰਨ ਸੈਸ਼ਨਾਂ ਦਾ ਨਿਰੀਖਣ ਕੀਤਾ ਅਤੇ ਟੀਕਾਕਰਨ ਟੀਮਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਜਨਤਕ ਸਿਹਤ ਲਈ ਟੀਕਾਕਰਨ ਪ੍ਰੋਗਰਾਮ ਇਕ ਮਜ਼ਬੂਤ ਬੁਨਿਆਦ ਦੇ ਰੂਪ ਵਿੱਚ ਉੱਭਰਿਆ ਹੈ ਜੋ ਕਿ ਮਾਰੂ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਪ੍ਰੋਗਰਾਮ ਦਾ ਮੁੱਖ ਉਦੇਸ਼ ਹਰੇਕ ਬੱਚੇ ਲਈ ਜੀਵਨ-ਰੱਖਿਅਕ ਟੀਕਿਆਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਟੀਕਾਕਰਨ ਸਪਤਾਹ ਦੌਰਾਨ ਵਿਸ਼ੇਸ਼ ਟੀਕਾਕਰਨ ਕੈਂਪ ਲਗਾ ਕੇ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਜਾਂ ਗਰਭਵਤੀ ਔਰਤਾਂ ਦਾ ਕੋਈ ਵੀ ਟੀਕਾ ਲੱਗਣ ਤੋਂ ਰਹਿ ਗਿਆ ਹੈ, ਤਾਂ ਵਿਸ਼ਵ ਟੀਕਾਕਰਨ ਸਪਤਾਹ ਦੌਰਾਨ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜ਼ਰੂਰ ਕਰਵਾਉਣ।