ਜੀਵਨ ਕ੍ਰਾਂਤੀ
ਮਾਨਸਾ, 2 ਦਸੰਬਰ 2018 - ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਵੱਖ ਵੱਖ ਕੋਰਸਾਂ ਦੀ ਸਿਖਲਾਈ ਦੇਣ ਲਈ ਖੋਲੇ ਕੇਂਦਰਾਂ ਵਿੱਚ ਗੋਲਮਾਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਯੋਜਨਾ ਤਹਿਤ ਪ੍ਰਾਪਤ ਹੋਣ ਵਾਲੀ ਕਰੋੜਾਂ ਦੀ ਰਕਮ ਵਿੱਚ ਵੀ ਵੱਡਾ ਗੋਲਮਾਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਵਿੱਚ ਜਿੱਥੇ ਖੋਲੀ ਗਈ ਮੀਰਾ ਸਾਹਿਬ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਕਰੋੜਾਂ ਰੁਪਏ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਇਸ ਸੁਸਾਇਟੀ ਦੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ ਪਰ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।
ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇ ਯੋਗ ਬਨਾਉਣ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਵੱਖ ਵੱਖ ਕੋਰਸਾਂ ਦੀ ਸਿਖਲਾਈ ਲਈ ਕੇਂਦਰ ਖੋਲੇ ਗਏ ਹਨ ਤੇ ਇਹਨਾਂ ਕੇਂਦਰਾਂ ਨੂੰ ਕੋਰਸਾਂ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਪਰ ਮਾਨਸਾ ਵਿੱਚ ਖੋਲੀ ਗਈ ਮੀਰਾ ਸਾਹਿਬ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਕਰੋੜਾਂ ਰੁਪਏ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਰਾ ਸਾਹਿਬ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ PMKVY(ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ) ਦੇ 12 ਸੈਂਟਰ ਇਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਨ। ਇਨ੍ਹਾਂ ਸਕਿੱਲ ਸੈਂਟਰਾਂ ਨੂੰ ਕੇਂਦਰੀ ਸਰਕਾਰ ਵੱਲੋਂ ਪ੍ਰਤੀ ਬੱਚੇ ਅਤੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਗਰਾਂਟ ਆਉਂਦੀ ਹੈ ਜਿਸ ਗਰਾਂਟ ਨੂੰ ਇਨ੍ਹਾਂ ਸਕਿੱਲ ਸੈਂਟਰਾਂ ਵਿਚ ਵਿਤਰਿਤ ਕੀਤਾ ਜਾਂਦਾ ਹੈ।
ਪਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਸ ਗਰਾਂਟ ਨੂੰ ਆਪਣੇ ਪੱਧਰ ਤੇ ਕਢਵਾ ਲਿਆ ਜਾਂਦਾ ਸੀ। ਇਹਨਾਂ ਕੇਂਦਰਾਂ ਦੇ ਪ੍ਰਬੰਧਕਾ ਨੂੰ ਮਿਲਣ ਵਾਲੀ ਸਹਾਇਤਾ ਰਾਸੀ ਦਾ ਤੀਹ ਫੀਸ਼ਦੀ ਦਾਖਲਾ ਹੋਣ ਤੇ, 50 ਫੀਸਦੀ ਪਾਸ ਹੋਣ ਤੇ ਅਤੇ 20 ਫੀਸਦੀ ਨੌਕਰੀ ਲੱਗਣ ਅਤੇ ਤਿੰਨ ਮਹੀਨਿਆਂ ਦੀ ਤਨਖਾਹ ਮਿਲਣ ਤੋਂ ਬਾਅਦ ਜਾਰੀ ਹੋਣੀ ਹੁੰਦੀ ਹੈ। ਪਰ ਇਸ ਸੁਸਾਇਟੀ ਵੱਲੋਂ ਇਹਨਾਂ ਸਾਰੇ ਨਿਯਮਾਂ ਦੀਆਂ ਧੱਜੀਆਂ ਉੜਾ ਕੇ ਹੇਰ ਫੇਰ ਕੀਤੀ ਗਈ ਹੈ। ਮਾਨਸਾ ਦੇ ਐਸ ਐਸ ਪੀ ਮਨਧੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਗੋਲਮਾਲ ਦੀ ਸ਼ਿਕਾਇਤ ਹਾਸਲ ਹੋਈ ਸੀ ਤੇ ਤਫਤੀਸ਼ ਤੋਂ ਬਾਅਦ ਪਤਾ ਲੱਗਾ ਕਿ ਕਿ ਇਸ ਸੁਸਾਇਟੀ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਨੂੰ ਕੇਂਦਰ ਵੱਲੋਂ ਪੰਜ ਕਰੋੜ ਦੇ ਕਰੀਬ ਰਾਸ਼ੀ ਹਾਸਲ ਹੋਈ ਸੀ ਪਰ ਇਸ ਨੇ ਕਰੀਬ ਇੱਕ ਕਰੋੜ 70 ਲੱਖ ਦੀ ਰਕਮ ਸਬ ਸੈਂਟਰਾਂ ਨੂੰ ਅਦਾ ਨਾਂ ਕਰਕੇ ਖੁਦ ਦੇ ਨਿੱਜੀ ਕੰਮਾਂ ਵਿੱਚ ਵਰਤ ਲਈ।
ਉਹਨਾਂ ਦੱਸਿਆਂ ਕਿ ਪੁਲਿਸ ਵੱਲੋਂ ਮੀਰਾ ਸਾਹਿਬ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਸਮੇਤ 14 ਲੋਕਾਂ ਪਰਮਿੰਦਰ ਸਿੰਘ, ਗੁਰਮੇਲ ਕੌਰ, ਰਾਜ ਕੁਮਾਰ ਸ਼ਰਮਾ, ਪੁਨੀਤ ਰਾਣੀ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ, ਕਮਲ ਪ੍ਰੀਤ ਕੌਰ, ਜਗਮੀਤ ਸਿੰਘ, ਜਗਰਾਜ ਸਿੰਘ, ਜਗਤਾਰ ਸਿੰਘ, ਦਵਿੰਦਰ ਸਿੰਘ, ਪੂਜਾ ਬਰਾੜ, ਵਿਨੋਦ ਕੁਮਾਰ ਸਿੰਗਲਾ, ਜੋਤੀ ਖਿਲਾਫ਼ ਆਈ.ਪੀ.ਸੀ. 1860 ਦੀ ਧਾਰਾ 420/406/465/467/468/471 ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।