ਨਵਾਂ ਸ਼ਹਿਰ, 10 ਜਨਵਰੀ,2019: ਜ਼ਿਲ੍ਹੇ ਦੇ ਪਿੰਡ ਬੁਰਜ ਟਹਿਲ ਦਾਸ ਦਾ ਕਿਸਾਨ ਅਮਰਜੀਤ ਸਿੰਘ ਆਪਣੀ ਅਗਾਂਹਵਧੂ ਸੋਚ ਤੇ ਬਦਲਵੀਂ ਖੇਤੀ ਅਪਣਾ ਕੇ ਮੰਦੇ ’ਚ ਜਾ ਰਹੇ ਖੇਤੀ ਅਰਥਚਾਰੇ ’ਚ ਸੁਧਾਰ ਦੀ ਨਵੀਂ ਆਸ ਬਣ ਕੇ ਉਭਰਿਆ ਹੈ। ਕਰੀਬ 150 ਏਕੜ ਰਕਬੇ ’ਚ ਖੇਤੀ ਕਰਦੇ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਾਲ 1992-93 ’ਚ ਚੜ੍ਹਦੀ ਉਮਰੇ ਵਿਰਾਸਤੀ ਖੇਤੀ ਨੂੰ ਕਿੱਤੇ ਵਜੋਂ ਅਪਣਾਇਆ ਸੀ। ਅੱਜ ਆਪਣੀ ਖੇਤੀ ਦੀ ਚੰਗੀ ਆਮਦਨ ਤੋਂ ਉਸ ਨੂੰ ਆਪਣੇ ਇਸ ਪਿਤਾ-ਪੁਰਖੀ ਕਿੱਤੇ ਨੂੰ ਅਪਨਾਉਣ ਦਾ ਕੋਈ ਪਛਤਾਵਾ ਨਹੀਂ।
ਅਮਰਜੀਤ ਜੋ ਕਿ ਆਪਣੀ ਅਗਾਂਹਵਧੂ ਖੇਤੀ ਅਤੇ ਸੋਚ ਦੇ ਸਿਰ ’ਤੇ ਜ਼ਿਲ੍ਹਾ ਖੇਤੀਬਾੜੀ ਪੈਦਾਵਾਰ ਕਮੇਟੀ ’ਚ ਗੈਰ-ਸਰਕਾਰੀ ਮੈਂਬਰ ਵਜੋਂ ਵੀ ਨੁਮਾਇੰਦਗੀ ਕਰਦਾ ਹੈ, ਦੱਸਦਾ ਹੈ ਕਿ ਉਹ ਕਣਕ ਤੇ ਝੋਨੇ ਦੀ ਰਵਾਇਤੀ ਖੇਤੀ ਦੇ ਨਾਲ-ਨਾਲ ਬਦਲਵੀਂ ਖੇਤੀ ਨੂੰ ਵੀ ਪੂਰੀ ਤਰਜੀਹ ਦਿੰਦਾ ਹੈ। ਪੈਪਸੀਕੋ ਨਾਲ ਕੰਟਰੈਕਟ ਫ਼ਾਰਮਿੰਗ ਤਹਿਤ 10 ਏਕੜਾਂ ’ਚ ਆਲੂ ਦੀ ਬਿਜਾਈ ਕਰਦਾ ਹੈ। ਲਗਪਗ 20 ਏਕਵ ਰਕਬੇ ’ਚ ਮਿਰਚ ਬੀਜਦਾ ਹੈ, ਜਿਸ ਲਈ ਆਪਣਾ ਹਾਈਬਿ੍ਰਡ ਬੀਜ ਤਿਆਰ ਕਰਕੇ, ਮਾਰਕੀਟ ’ਚ ਵੀ ਸਪਲਾਈ ਕਰਦਾ ਹੈ। ਉਨ੍ਹਾਂ ਦੱਸਿਆਂ ਕਿ ਇੱਕ ਏਕੜ ਲਈ ਬੀਜ ਅਤੇ ਇਨਪੁਟਸ ਦਾ ਖਰਚਾ ਤਕਰੀਬਨ 37000/- ਰੁਪਏ ਆਉਂਦਾ ਹੈ ਅਤੇ ਕੰਪਨੀ 1400/- ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦ ਕਰਦੀ ਹੈ। ਕੰਪਨੀ ਦੇ ਐਗਰੋਨੋਮਿਸਟ ਕੁਲਦੀਪ ਰਾਮ ਅਤੇ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਕੰਪਨੀ ਨੇ ਤਕਰੀਬਨ 200 ਏਕੜ ਰਕਬੇ ਲਈ ਕੰਟਰੈਕਟ ਫਾਰਮਿੰਗ ਕੀਤੀ ਹੈ।
ਅਮਰਜੀਤ ਅਨੁਸਾਰ ਆਲੂ ਦੀ ਆਪਣੇ ਤੌਰ ’ਤੇ ਖੁੱਲ੍ਹੀ ਮਾਰਕੀਟ ਲਈ ਕੀਤੀ ਕਾਸ਼ਤ ਦਾ ਉਸ ਦਾ ਤਜਰਬਾ ਬਾਹਲਾ ਚੰਗਾ ਨਹੀਂ ਰਿਹਾ ਪਰ ਕੰਟਰੈਕਟ ਫ਼ਾਰਮਿੰਗ ਉਸ ਨੂੰ ਰਾਸ ਆਈ ਹੈ। ਇਸੇ ਤਰ੍ਹਾਂ ਮਿਰਚ ਦੀ ਹਾਈਬਿ੍ਰਡ ਕਿਸਮ ਦਾ ਚਾਰਾਂ ਮੌਸਮਾਂ ਦਾ ਬੀਜ ਤਿਆਰ ਕਰਨ ਲਈ 20 ਏਕੜ ਦੀ ਮਿਰਚ ਦੀ ਖੇਤੀ ਤੋਂ ਇਲਾਵਾ ਡੇਢ ਏਕੜ ਦੀ ਪਨੀਰੀ ਬੀਜਦਾ ਹੈ। ਉਸ ਦਾ ਕਹਿਣਾ ਹੈ ਕਿ ਖੇਤੀਬਾੜਾ ਦਾ ਮੌਜੂਦਾ ਅਰਥਚਾਰਾ ਖੇਤੀ ਵਿਭਿੰਨਤਾ ਨਾਲ ਹੀ ਸਹੀ ਰੱਖਿਆ ਜਾ ਸਕਦਾ ਹੈ, ਜਿਸ ਲਈ ਮਾਹਿਰਾਂ ਦੀ ਸਲਾਹ ਤੇ ਆਪਣੇ ਤਜਰਬੇ ਬਹੁਤ ਕੰਮ ਆਉਂਦੇ ਹਨ।
ਉਸ ਦਾ ਕਹਿਣਾ ਹੈ ਕਿ ਇਸ ਵਾਰ ਆਪਣੀ 80 ਏਕੜ ਦੀ ਝੋਨੇ ਦੀ ਖੇਤੀ ’ਚੋਂ ਉਸ ਨੇ ਇੱਕ ਏਕੜ ਦੀ ਪਰਾਲੀ ਨੂੰ ਵੀ ਅੱਗ ਨਹੀਂ ਲਾਈ ਬਲਕਿ ਹੈਪੀ ਸੀਡਰ ਨਾਲ ਵਾਹ ਕੇ ਇਸ ਦਾ ਨਿਪਟਾਰਾ ਕੀਤਾ ਤੇ ਕਣਕ ਦੀ ਬਿਜਾਈ ਕੀਤੀ। ਉਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹ ਨਾੜ ਤੇ ਪਰਾਲੀ ਨੂੰ ਇਸ ਤਰ੍ਹਾਂ ਨਹੀਂ ਸੀ ਸੰਭਾਲਦਾ ਪਰ ਇਸ ਵਾਰ ਉਸ ਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਵਾਤਾਵਰਣ, ਜ਼ਮੀਨੀ ਸਿਹਤ ਤੇ ਪਸ਼ੂ-ਪੰਛੀਆਂ ਤੇ ਮਾਨਵੀ ਸਿਹਤ ਨੂੰ ਪੁੱਜਦਾ ਨੁਕਸਾਨ ਹਰ ਤਰ੍ਹਾਂ ਦੇ ਵਪਾਰਕ ਮੁਨਾਫ਼ੇ ਤੋਂ ਉੱਪਰ ਹੈ, ਜਿਸ ਲਈ ਸਾਨੂੰ ਸਰਕਾਰ ਦੀ ਸਲਾਹ ਦੇ ਨਾਲ ਚੱਲਣਾ ਚਾਹੀਦਾ ਹੈ।
ਅਮਰਜੀਤ ਦੀ ਅਗਾਂਹਵਧੂ ਖੇਤੀ ਦਾ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲੈਣ ਪੁੱਜੇ ਸਹਾਇਕ ਨਿਰਦੇਸ਼ਕ ਬਾਗ਼ਬਾਨੀ ਡਾ. ਦਨੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਲੂਆਂ ਅਧੀਨ ਤਕਰੀਬਨ 2410 ਹੈਕਟੇਅਰ ਆਉਂਦਾ ਹੈ। ਇਸ ਵਿੱਚੋਂ ਤਕਰੀਬਨ ਤੀਜਾ ਹਿੱਸਾ ਅਗੇਤੀ ਬਿਜਾਈ ਅਧੀਨ ਅਤੇ ਬਾਕੀ ਬੀਜ ਉਤਪਾਦਨ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਅਧੀਨ ਆਉਂਦਾ ਹੈ। ਮੁੱਖ ਸਮੇਂ ਦੀਆਂ ਕਿਸਮਾਂ ਅਧੀਨ ਆਲੂ ਦੀ ਪਟਾਈ ਜਨਵਰੀ ਮਹੀਨੇ ਦੌਰਾਨ ਕੀਤੀ ਜਾਂਦੀ ਹੈ। ਇਸ ਫਸਲ ਨੂੰ ਮੰਡੀਕਰਨ ਦੀ ਸਮੱਸਿਆਂ ਤੋਂ ਬਚਾਉਣ ਲਈ ਅਮਰਜੀਤ ਵੱਲੋਂ ਅਪਣਾਇਆ ਤਰੀਕਾ ਬਾਕੀਆਂ ਲਈ ਵੀ ਪ੍ਰੇਰਨਾਦਾਇਕ ਹੈ। ਇਸ ਮੌਕੇ ਜਗਦੀਸ਼ ਸਿੰਘ ਕਾਹਮਾ ਬਾਗਬਾਨੀ ਵਿਕਾਸ ਅਫਸਰ ਨਵਾਂਸ਼ਹਿਰ ਨੇ ਦੱਸਿਆਂ ਕਿ ਜ਼ਿਲ੍ਹੇ ਵਿੱਚ ਆਲੂ ਦੀ ਕੰਟਰੈਕਟ ਫਾਰਮਿੰਗ ਕਈ ਕੰਪਨੀਆਂ ਕਰਦੀਆਂ ਹਨ। ਇਸ ਲਈ ਕਿਸਾਨਾਂ ਨੂੰ ਮੰਡੀਕਰਨ ਨੂੰ ਮੁੱਖ ਰੱਖਦੇ ਹੋਏ ਆਲੂ ਦੀ ਫਸਲ ਦੀ ਵਿਉਂਤਬੰਦੀ ਕਰਨ ਅਤੇ ਕੱਚੀ ਪੁਟਾਈ ਅਤੇ ਪ੍ਰੋਸੈਸਿੰਗ ਲਈ ਢੁੱਕਵੀਆਂ ਕਿਸਮਾਂ ਦੀ ਕਾਸ਼ਤ ਨੂੰ ਪਹਿਲ ਦੇਣੀ ਚਾਹੀਦੀ ਹੈ।