ਕਨਜ਼ਿਊਮਰ ਹੱਬ ਦਾ ਉਦਘਾਟਨ ਕਰਦੇ ਹੋਏ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ
ਫ਼ਤਹਿਗੜ੍ਹ ਸਾਹਿਬ, 20 ਮਾਰਚ (ਦੀਦਾਰ ਗੁਰਨਾ ) ਵਿਦਿਆਰਥੀਆਂ ਦੀਆਂ ਪ੍ਰਬੰਧਕੀ ਕੁਸ਼ਲਤਾਵਾਂ ਨੂੰ ਬੇਹਤਰ ਬਣਾਉਣ ਦੇ ਉਦੇਸ਼ ਨਾਲ ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਕਨਜ਼ਿਊਮਰ ਹੱਬ ਦਾ ਆਯੋਜਨ ਕੀਤਾ ਗਿਆ ਜਿਸਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕੀਤਾ। ਇਸ ਕਨਜ਼ਿਊਮਰ ਹੱਬ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀਆਂ 34 ਟੀਮਾਂ ਦੁਆਰਾ ਲਗਾਏ ਸਟਾਲ ਆਕਰਸ਼ਣ ਦਾ ਕੇਂਦਰ ਰਹੇ।
ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥੀਆਂ ਵਿਚ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਦੀ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।ਇਹ ਆਯੋਜਨ ਜਿਥੇ ਵਿਦਿਆਰਥੀਆਂ ਦੇ ਮੈਨੇਜਮੈਂਟ ਅਤੇ ਮਾਰਕਿਟਿੰਗ ਸੰਬੰਧੀ ਵਿਵਹਾਰਕ ਗਿਆਨ ਵਧਾਉਣ ਵਿਚ ਯੋਗਦਾਨ ਪਾਉਂਦੇ ਹਨ, ਉਥੇ ਵਿਦਿਆਰਥੀਆਂ ਵਿਚ ਸਕਾਰਾਤਮਕ ਮੁਕਾਬਲਾ ਕਰਨ ਅਤੇ ਅੱਗੇ ਵੱਧਣ ਦਾ ਜਜ਼ਬਾ ਵੀ ਪੈਦਾ ਕਰਦੇ ਹਨ।
ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਕਿਹਾ ਕਿ ਇਸ ਮੇਲੇ ਦੇ ਆਯੋਜਨ ਵਿਚ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਰਹੀ ਹੈ । ਵਿਦਿਆਰਥੀਆਂ ਦੁਆਰਾ ਖਾਣ-ਪੀਣ, ਕਪੜਿਆਂ, ਚਿੱਤਰਾਂ, ਹਸਤਕਲਾ ਆਦਿ ਦੇ ਸਟਾਲ ਲਗਾਏ ਗਏ ਹਨ ਅਤੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਜਿਹਨਾਂ ਵਿਚ ਸਮੂਹ ਕਾਲਜ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਰਜਿੰਦਰ ਕੌਰ, ਡਾ. ਹਰਵੀਨ ਕੌਰ, ਪ੍ਰੋ. ਸ਼ਿਵਾਨੀ ਬੈਕਟਰ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।