ਹੁਸ਼ਿਆਰਪੁਰ, 21 ਮਈ 2019 - ਭਾਰਤੀ ਚੋਣ ਕਮਿਸ਼ਨ ਵਲੋਂ 05-ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਸ਼੍ਰੀ ਜੈ ਪ੍ਰਕਾਸ਼ ਸ਼ਿਵਹਰੇ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਵਲੋਂ ਅੱਜ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਫਾਰਮ 17-ਏ ਅਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਰਿਆਤ ਬਾਹਰਾ ਇੰਸਟੀਚਿਊਟ ਵਿਖੇ 6 ਵਿਧਾਨ ਸਭਾ ਹਲਕਿਆਂ ਦੀ ਪੜਤਾਲ ਕੀਤੀ ਗਈ, ਜਿਨ੍ਹਾਂ ਵਿੱਚ ਹੁਸ਼ਿਆਰਪੁਰ, ਸ਼ਾਮਚੁਰਾਸੀ, ਚੱਬੇਵਾਲ, ਉੜਮੁੜ, ਦਸੂਹਾ ਅਤੇ ਮੁਕੇਰੀਆਂ ਸ਼ਾਮਲ ਸਨ। ਇਸ ਤੋਂ ਇਲਾਵਾ ਜਨਰਲ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪਹੁੰਚੇ, ਜਿਥੇ ਵਿਧਾਨ ਸਭਾ ਹਲਕਿਆਂ ਸ਼੍ਰੀ ਹਰਗੋਬਿੰਦਪੁਰ, ਭੁਲੱਥ ਅਤੇ ਫਗਵਾੜਾ ਦੀ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਵੱਧ ਅਤੇ ਘੱਟ ਵੋਟ ਪ੍ਰਤੀਸ਼ਤ ਵਾਲੇ ਪੋਲਿੰਗ ਬੂਥਾਂ ਤੋਂ ਇਲਾਵਾ ਦੇਰੀ ਨਾਲ ਸ਼ੁਰੂ ਹੋਣ ਵਾਲੀ ਪੋਲਿੰਗ ਸਬੰਧੀ ਵੀ ਪੜਤਾਲ ਕੀਤੀ ਗਈ।
ਜ਼ਿਲ•ਾ ਚੋਣ ਅਫ਼ਸਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ 05-ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ 62.15 ਫੀਸਦੀ ਸ਼ਾਂਤੀਪੂਰਵਕ ਪੋਲਿੰਗ ਹੋਈ, ਜਿਸ ਲਈ ਵੋਟਰ ਵਧਾਈ ਦੇ ਪਾਤਰ ਹਨ। ਉਨ੍ਹਾਂ ਚੋਣ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਜਿਸ ਤਰ੍ਹਾਂ ਸੁਚਾਰੂ ਢੰਗ ਨਾਲ ਵੋਟ ਪ੍ਰਕ੍ਰਿਆ ਨੂੰ ਸਫਲ ਬਣਾਇਆ ਗਿਆ ਹੈ, ਇਸੇ ਤਰ੍ਹਾਂ ਗਿਣਤੀ ਪ੍ਰਕ੍ਰਿਆ ਨੂੰ ਵੀ ਸੁਚਾਰੂ ਢੰਗ ਨਾਲ ਨੇਪਰੇ ਚਾੜਿ੍ਹਆ ਜਾਵੇ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਉਪਰੰਤ ਵੋਟਿੰਗ ਮਸ਼ੀਨਾਂ ਨੂੰ ਸਖਤ ਪ੍ਰਬੰਧਾਂ ਹੇਠ ਸਟਰਾਂਗ ਰੂਮਾਂ ਵਿੱਚ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਆਤ ਬਾਹਰਾ ਇੰਸਟੀਚਿਊਟ ਵਿੱਚ 6 ਵਿਧਾਨ ਸਭਾ ਹਲਕਿਆਂ ਹੁਸ਼ਿਆਰਪੁਰ, ਸ਼ਾਮਚੁਰਾਸੀ, ਚੱਬੇਵਾਲ, ਉੜਮੁੜ, ਦਸੂਹਾ ਅਤੇ ਮੁਕੇਰੀਆਂ ਦੀ ਗਿਣਤੀ ਹੋਵੇਗੀ, ਜਦਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ 3 ਵਿਧਾਨ ਸਭਾ ਹਲਕਿਆਂ ਸ਼੍ਰੀ ਹਰਗੋਬਿੰਦਪੁਰ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਹੋਵੇਗੀ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ 62.45 ਫੀਸਦੀ, ਉੜਮੁੜ ਵਿਖੇ 60.79 ਫੀਸਦੀ, ਮੁਕੇਰੀਆਂ 63.79 ਫੀਸਦੀ, ਦਸੂਹਾ 60.74 ਫੀਸਦੀ, ਚੱਬੇਵਾਲ 64.41 ਫੀਸਦੀ, ਹੁਸ਼ਿਆਰਪੁਰ 63.81 ਫੀਸਦੀ, ਸ਼੍ਰੀ ਹਰਗੋਬਿੰਦਪੁਰ 60.88 ਫੀਸਦੀ, ਭੁਲੱਥ 56.76 ਫੀਸਦੀ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਵਿੱਚ 64.48 ਫੀਸਦੀ ਵੋਟਾਂ ਪੋਲ ਹੋਈਆਂ। ਉਨ੍ਹਾਂ ਕਿਹਾ ਕਿ 9 ਵਿਧਾਨ ਸਭਾ ਹਲਕਿਆਂ ਦੇ ਕੁੱਲ 9 ਲੱਖ 81 ਹਜ਼ਾਰ 722 ਵੋਟਰਾਂ ਵਲੋਂ ਮੱਤਦਾਨ ਕੀਤਾ ਗਿਆ, ਜਿਨ੍ਹਾਂ ਵਿੱਚ 4 ਲੱਖ 96 ਹਜ਼ਾਰ 732 ਮਹਿਲਾਵਾਂ, 4 ਲੱਖ 84 ਹਜ਼ਾਰ 983 ਪੁਰਸ਼ਾਂ ਅਤੇ 7 ਥਰਡ ਜੈਂਡਰ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ।