ਫ਼ਰੀਦਕੋਟ, 15 ਅਗਸਤ 2019 (ਪਰਵਿੰਦਰ ਸਿੰਘ ਕੰਧਾਰੀ )-ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਐਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਆਜ਼ਾਦੀ ਦਿਵਸ 'ਤੇ ਯਾਦ ਕਰੋ ਕੁਰਬਾਨੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਆਪਣੀਆਂ ਕੀਮਤੀ ਜਾਨਾਂ ਦੀਆਂ ਆਹੂਤੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਯੋਧਿਆਂ ਨੂੰ ਭਾਵ ਭਿੰਨੀ ਸ਼ਰਧਾਂਜ਼ਲੀ ਭੇਟ ਕੀਤੀ ਗਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਵਾਮੀ ਵਿਗਿਆਨਾ ਨੰਦ ਨੇ ਕਿਹਾ ਕਿ ਕਈ ਸਾਲਾਂ ਤੱਕ ਭਾਰਤੀਆਂ ਨੇ ਅੰਗੇ੍ਰਜ਼ਾਂ ਦੀ ਗੁਲਾਮੀ, ਬੁਰੇ ਵਰਤਾਵ ਅਤੇ ਅੱਤਿਆਚਾਰ ਸਹਿਣ ਕਰਨ ਉਪਰੰਤ 15 ਅਗਸਤ 1947 ਨੂੰ ਆਜ਼ਾਦੀ ਹਾਸਿਲ ਕੀਤੀ | ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਭਾਰਤ ਵਾਸੀਆਂ ਨੇ ਇਕਜੁੱਟ ਹੋ ਕੇ ਸਾਹਸ ਜੁਟਾਇਆ ਅਤੇ ਇਸ ਸੰਘਰਸ਼ ਦੌਰਾਨ ਭਾਰਤ ਮਾਤਾ ਦੀਆਂ ਲੱਖਾਂ ਸੰਤਾਨਾਂ ਨੇ ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦੇ ਕੇ ਸਾਨੂੰ ਆਜ਼ਾਦੀ ਨਸੀਬ ਕਰਵਾਈ । ੳਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਪਵਿੱਤਰ, ਸੱਚੇ ਅਤੇ ਇਮਾਨਦਾਰੀ ਦੇ ਮਾਰਗ 'ਤੇ ਚੱਲੀਏ ।ਇਸਤੋਂ ਪਹਿਲਾ ਸਕੂਲ ਦੇ ਅਹਾਤੇ ਵਿਚ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ ਅਤੇ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਵੀ ਗਾਇਆ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਜਗਦੀਸ਼ ਰਾਏ ਸ਼ਰਮਾ ਨੇ ਆਏ ਹੋਏ ਸਾਧੂਆਂ ਦਾ ਧੰਨਵਾਦ ਕੀਤਾ। ਅੰਤ ਵਿਚ ਸਾਧਵੀ ਰੀਤੂ ਭਾਰਤੀ, ਦੀਪਿਕਾ ਭਾਰਤੀ ਅਤੇ ਸਟਾਫ਼ ਮੈਂਬਰਾਂ ਨੇ ਸਕੂਲ ਵਿਚ ਬੂਟੇ ਵੀ ਲਗਾਏ ।