ਐੱਸ.ਏ.ਐੱਸ ਨਗਰ 19 ਅਗਸਤ 2019: ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਸਰਕਾਰੀ ਹਾਈ/ ਸੀਨੀਅਰ ਸੈਕੰਡਰੀ ਸਕੂਲਾਂ ਦੇ ਸੀਨੀਅਰ/ਕੁਸ਼ਲ ਅਧਿਆਪਕਾਂ ਨੂੰ ‘ਮਸ਼ਾਲ ਪ੍ਰੋਜੇਕਟ’ ਅਧੀਨ ਕਰੀਅਰ ਗਾਇਡੈਂਸ ਕਾਊਂਸਲਰ ਵਜੋਂ ਸਹਿਕਾਰੀ ਖੇਤਰੀ ਪ੍ਰਬੰਧਨ ਸੰਸਥਾਨ ਸੈਕਟਰ-32, ਚੰਡੀਗੜ੍ਹ ਵਿਖੇ ਸਿਖਲਾਈ ਦਿੱਤੀ ਗਈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਨਿਸ਼ਾਨ ਐਜੂਕੇਸ਼ਨ ਟਰੱਸਟ ਦੇ ਸਹਿਯੋਗ ਨਾਲ਼ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਬਾਰੇ ਜਾਣਕਾਰੀ ਦੇਣ ਲਈ ਅਤੇ ਉਹਨਾਂ ਦਾ ਮਾਰਗ ਦਰਸ਼ਨ ਕਰਨ ਲਈ ਇਸ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਕਰੀਅਰ ਗਾਇਡੈਂਸ ਕਾਊਂਸਲਰ ਦੇ ਤੌਰ ’ਤੇ ਸਿੱਖਿਅਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਕਿਸ਼ੋਰ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਭਟਕਣਾ ਤੋਂ ਬਚਾਅ ਕੇ ਸਹੀ ਸੇਧ ਪ੍ਰਦਾਨ ਕਰਨਾ ਹੈ ਤਾਂ ਕਿ ਉਹ ਸਮਾਜਿਕ ਕੁਰੀਤਿਆਂ ਤੋਂ ਦੂਰ ਰਹਿੰਦੇ ਹੋਏ ਆਪਣੀ ਪੜ੍ਹਾਈ ਸੰਬੰਧੀ ਸੁਚੇਤ ਰਹਿਣ ’ਤੇ ਸਹੀ ਕਿੱਤੇ ਦੀ ਚੌਣ ਕਰਕੇ ਆਪਣੇ ਜੀਵਨ ਵਿੱਚ ਸਮੇਂ ਸਿਰ ਕਾਮਯਾਬ ਹੋ ਸਕਣ। ਉਹਨਾਂ ਕਿਹਾ ਕਿ ਅਧਿਆਪਕ ਦਾ ਵਿਦਿਆਰਥੀ ਦੇ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਉਹਨਾਂ ਨੂੰ ਕਾਮਯਾਬ ਹੋਣ ਵਿੱਚ ਮਦਦ ਕਰੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਜੋਤੀ ਸੋਨੀ ਸਟੇਟ ਕੋਆਰਡੀਨੇਟਰ ਗਾਇਡੈਂਸ ਐਂਡ ਕਾਊਂਸਲਿੰਗ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ 22 ਜੁਲਾਈ ਤੋਂ ਲਗਾਈਆਂ ਜਾ ਰਹੀਆਂ ਹਨ ਅਤੇ ਸੱਤ ਜ਼ਿਲ੍ਹਿਆਂ ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਫਰੀਦਕੋਟ, ਐੱਸ.ਏ.ਐੱਸ ਨਗਰ ਦੀਆਂ ਲੱਗ ਚੁੱਕੀਆਂ ਹਨ ’ਤੇ ਮੁੱਖ ਦਫ਼ਤਰ ਦੀ ਦੇਖ-ਰੇਖ ਅਧੀਨ ਅੱਗੇ ਵੀ ਜ਼ਾਰੀ ਰਹਿਣਗੀਆਂ। ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗਾਂ ਵੱਖ-ਵੱਖ ਪ੍ਰਸਿੱਧ ਸਿੱਖਿਆ ਸਾਸ਼ਤਰੀਆਂ ਦੇ ਸਹਿਯੋਗ ਨਾਲ਼ ਲਗਾਈਆਂ ਜਾ ਰਹੀਆਂ ਹਨ।
ਇਸ ਮੌਕੇ ਜਰਨੈਲ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਰਣਜੀਤ ਪਵਾਰ ਚੇਅਰਮੈਨ ਨਿਸ਼ਾਨ ਐਜੂਕੇਸਨ ਟਰੱਸਟ ਅਤੇ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ।