ਫਿਰੋਜ਼ਪੁਰ 23 ਮਈ (ਗੁਰਿੰਦਰ ਸਿੰਘ) ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਕਰੀਬ ਦੋ ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਰਹੇ। ਸੁਖਬੀਰ ਬਾਦਲ ਦੀ ਇਸ ਜਿੱਤ ਨਾਲ ਪਾਰਟੀ ਬਦਲਕੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਚੋਣ ਲੜੇ ਸ਼ੇਰ ਸਿੰਘ ਘੁਬਾਇਆ ਦਾ ਇਸ ਹਲਕੇ ਤੋਂ ਹੈਟ੍ਰਿਕ ਮਾਰਨ ਦਾ ਸੁਪਨਾ ਚਕਨਾਚੂਰ ਹੋ ਗਿਆ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬੀਤੀ 19 ਮਈ ਨੂੰ ਪਈਆਂ ਕੁੱਲ 11,66,747 ਵੋਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 6,33427 ਵੋਟਾਂ ਪਈਆਂ ਜਦਕਿ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਸਿੰਘ ਘੁਬਾਇਆ ਨੂੰ 4,34,577 ਵੋਟਾਂ ਨਾਲ ਸਬਰ ਕਰਨਾ ਪਿਆ।
ਫਿਰੋਜ਼ਪੁਰ ਤੋਂ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰਾਂ ਵਿਚਾਲੇ ਰਿਹਾ। ਇਸ ਹਲਕੇ ਤੋਂ ਤੀਜੇ ਸਥਾਨ 'ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ 31872 ਵੋਟਾਂ ਜਦਕਿ ਪੀ.ਡੀ.ਏ ਵੱਲੋਂ ਚੋਣ ਲੜੇ ਸੀ.ਪੀ.ਆਈ ਦੇ ਉਮੀਦਵਾਰ ਹੰਸ ਰਾਜ ਗੋਲਡਨ 26128 ਵੋਟਾਂ ਲੈਕੇ ਚੌਥੇ ਸਥਾਨ 'ਤੇ ਰਹੇ।
ਦੱਸਣਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ 2009 ਅਤੇ 2014 ਸੰਸਦੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜ ਕੇ ਦੋ ਵਾਰ ਸੰਸਦ ਮੈਂਬਰ ਬਣੇ ਸਨ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੁੱਤਰ ਨੂੰ ਪਾਰਟੀ ਵੱਲੋ ਟਿਕਟ ਨਾ ਮਿਲਣ 'ਤੇ ਆਪਣੀ ਮਾਂ ਪਾਰਟੀ ਨਾਲ ਨਰਾਜ਼ਗੀ ਦੇ ਚੱਲਦਿਆਂ ਆਪਣੇ ਪੁੱਤਰ ਨੂੰ ਫਾਜ਼ਿਲਕਾ ਤੋੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਅਤੇ ਆਪ ਵੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪਲਟੀ ਮਾਰ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ ਕਾਂਗਰਸ ਦੇ ਪੰਜਾਬ ਲੀਡਰਾਂ ਦੇ ਨਾ ਚਾਹੁੰਦਿਆਂ ਹੋਇਆਂ ਵੀ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਹਾਸਲ ਕਰਕੇ ਚੋਣ ਮੈਦਾਨ ਵਿੱਚ ਆਏ ਸਨ।
====
ਫਿਰੋਜ਼ਪੁਰ ਸੰਸਦੀ ਹਲਕੇ ਤੋਂ 14436 ਵੋਟਰਾਂ ਨੇ ਚੋਣ ਲੜੇ ਸਾਰੇ ਉਮੀਦਵਾਰਾਂ ਨੂੰ ਨਕਾਰਦਿਆਂ ਨੋਟਾ ਦੀ ਵਰਤੋਂ ਕਰਨਾ ਉੱਚਿਤ ਸਮਝਿਆ।