ਸੰਘਰਸ਼ ਕਮੇਟੀ ਵੱਲੋਂ ਮੀਟਿੰਗ ਕਰਕੇ 26 ਸਤੰਬਰ ਤੱਕ ਮੋਰਚਾ ਜਾਰੀ ਰਹੇਗਾ - ਬੁਰਜਗਿੱਲ।
ਪਟਿਆਲਾ 23 ਸਤੰਬਰ, 2019 : ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਦੇ ਇੱਕ ਸਿਰਕੱਢ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ, ਮਹਿਮਦਪੁਰ ਦੀ ਦਾਣਾ ਮੰਡੀ ਵਿਖੇ ਚੱਲ ਰਿਹਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ। ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਸੰਘਰਸ਼ ਕਮੇਟੀ ਦੀ ਮੀਟਿੰਗ 26 ਸਤੰਬਰ ਦੀ ਤੈਅ ਹੋਣ ਸਬੰਧੀ ਕੱਲ੍ਹ ਜ਼ਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵੱਲੋਂ ਇੱਕ ਲਿਖਤੀ ਪੱਤਰ ਸਟੇਜ ਉੱਪਰ ਆਗੂਆਂ ਨੂੰ ਸੌਂਪਿਆ ਗਿਆ ਸੀ। ਅੱਜ ਪੱਕੇ ਮੋਰਚੇ ਵਾਲੀ ਥਾਂ ਉੱਪਰ ਹੀ ਸੰਘਰਸ਼ ਕਮੇਟੀ ਪੰਜਾਬ ਨੇ ਆਪਣੀ ਮੀਟਿੰਗ ਕਰਕੇ ਐਲਾਨ ਕੀਤਾ ਕਿ 26 ਸਤੰਬਰ ਤੱਕ ਚੱਲ ਰਿਹਾ ਪੱਕਾ ਮੋਰਚਾ ਇਉਂ ਹੀ ਜਾਰੀ ਰਹੇਗਾ। ਅੱਜ ਦ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਵਿਉਂਤਬੰਦੀ ਬਣਾ ਲਈ ਗਈ ਹੈ ਪਰ ਇਸ ਰਣਨੀਤੀ ਦਾ ਐਲਾਨ 26 ਸਤੰਬਰ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਫੌਰੀ ਬਾਅਦ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ, ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਰਮਿੰਦਰ ਸਿੰਘ ਪਟਿਆਲਾ, ਨਰਾਇਣ ਦੱਤ, ਅਮਰਜੀਤ ਸ਼ਾਸਤਰੀ, ਜਗਮੋਹਨ ਸਿੰਘ, ਰਣਬੀਰ ਸਿੰਘ ਰੰਧਾਵਾ, ਗੁਰਮੀਤ ਸੁਖਪੁਰ, ਤਰਸੇਮ ਲਾਲ ਨੇ ਕਿਹਾ ਕਿ 20 ਸਤੰਬਰ ਤੋਂ ਮਹਿਮਦਪੁਰ ਦੀ ਦਾਣਾ ਮੰਡੀ ’ਚ ਸ਼ੁਰੂ ਹੋਏ ਪੱਕੇ ਮੋਰਚੇ ਨੇ ਹਾਕਮਾਂ ਦਾ ਇਹ ਭਰਮ ਤੋੜ ਦਿੱਤਾ ਹੈ ਕਿ ਇਹ ਸ਼ਾਹੀ ਮਹਿਲਾਂ ਤੋਂ 15-20 ਕਿਲੋਮੀਟਰ ਦੂਰ ਬੈਠਕੇ ਵਾਪਸ ਮੁੜ ਜਾਣਗੇ। ਪਰ ਇਹ ਕਾਫ਼ਲੇ ਦਾਣਾ ਮੰਡੀ ਵਿੱਚ ਬੈਠਣ ਲਈ ਨਹੀਂ ਆਏ। ਸਗੋਂ ਇਹ ਧਾਰ ਕੇ ਆਏ ਹਨ ਕਿ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਦੀ ਚੁਣੌਤੀ ਸਵੀਕਾਰ ਹੈ। ਇਹ ਨਿਹੱਕੀ ਸਜ਼ਾ ਰੱਦ ਹੋਣ ਤੱਕ ਇਹ ਕਾਫ਼ਲਾ ਹੋਰ ਵੱਧ ਵਿਸ਼ਾਲ ਵੀ ਹੋਵੇਗਾ। ਕਾਫ਼ਲੇ ਦੀ ਰੋਹਲੀ ਗਰਜ ਮਹਿਮਦਪੁਰ ਦੀ ਦਾਣਾ ਮੰਡੀ ਬੈਠੀ ਹੋਈ ਵੀ ਮਹਿਲਾਂ ਵਾਲਿਆਂ ਦੀ ਨੀਂਦ ਹਰਾਮ ਕਰਦੀ ਰਹੇਗੀ। ਬੁਲਾਰਿਆਂ ਕਿਹਾ ਕਿ ਇੱਕ ਪਾਸੇ ਔਰਤਾਂ ਉੱਪਰ ਜ਼ਬਰ-ਜੁਲਮ ਖ਼ਾਸ ਕਰ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਭਾਰਤ ਦੀ ਸਭ ਤੋਂ ਪਵਿੱਤਰ ਕਹਾਉਂਦੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਫ਼ੌਜਦਾਰੀ ਖ਼ਾਸ ਕਰਕੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਜਿਹਨਾਂ ਦੀ ਗਿਣਤੀ ਸੈਂਕੜਿਆਂ ਤੱਕ ਪੁੱਜ ਚੁੱਕੀ ਹੈ। ਇੱਕ ਪਾਸੇ ਔਰਤਾਂ ਉੱਪਰ ਜ਼ਬਰ-ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਥਾਂ ਰਾਜਭਾਗ ਦੇ ਵੱਡੇ ਅਹੁਦੇ ਦਿੱਤੇ ਜਾ ਰਹੇ ਹਨ ਤੇ ਦੂਜੇ ਪਾਸੇ ਔਰਤ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਮਨਜੀਤ ਧਨੇਰ ਵਰਗੇ ਲੋਕ ਆਗੂਆਂ ਨੂੰ ਉਮਰਕੈਦ ਸਜ਼ਾ ਵਰਗੀਆਂ ਸਜ਼ਾਵਾਂ ਨਾਲ ਨਿਵਾਜਿਆ ਜਾ ਰਿਹਾ ਹੈ। ਸਿਆਸਤਦਾਨ, ਡੇਰਿਆਂ ਦੇ ਮੁਖੀ, ਉੱਚ ਅਧਿਕਾਰੀ, ਜੱਜ, ਫਿਲਮੀ ਹਸਤੀਆਂ ਵੱਲੋਂ ਔਰਤਾਂ ਨਾਲ ਛੇੜਛਾੜ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਚ ਨਹੀਂ ਸਕੇ। ਬੁਲਾਰਿਆਂ ਕਿਹਾ ਅਸਲ ਵਿੱਚ ਔਰਤਾਂ ਉਭਰ ਹੁੰਦੇ ਜਬਰ ਲਈ ਇੱਥੋਂ ਦਾ ਲੁਟੇਰਾ ਤੇ ਜਾਬਰ ਢਾਂਚਾ ਜਿੰਮੇਵਾਰ ਹੈ, ਜਿਸ ਲਈ ਔਰਤ ਜਬਰ ਵਿਰੋਧੀ ਸੰਘਰਸ਼ ਨੂੰ ਜਾਮਤੀ ਸੰਘਰਸ਼ ਦਾ ਹਿੱਸਾ ਬਣਕੇ ਇਸ ਨੂੰ ਉਖਾੜ ਸੁੱਟਣ ਲਈ ਲੜਨ ਦੀ ਲੋੜ ਹੈ, ਇਹ ਔਰਤ ਸਮੇਂ ਸਮੁੱਚੀ ਮਿਹਨਤੀ ਲੋਕਾਈ ਲਈ ਮੁਕਤੀ ਦਾ ਪੈਗ਼ਾਮ ਹੈ। ਇਕੱਠ ਨੂੰ ਗੁਰਮੇਲ ਠੁੱਲੀਵਾਲ, ਗੁਰਚਰਨ ਸਿੰਘ, ਜਮੇਰਦੀਨ, ਹਰਪ੍ਰੀਤ ਕੌਰ, ਬਲਦੇਵ ਸਿੰਘ ਭਾਈਰੂਪਾ, ਦਰਸ਼ਨ ਸਿੰਘ ਉੱਗੋਕੇ, ਜਸਪਾਲ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।