ਅਸ਼ੋਕ ਵਰਮਾ
- ਕਮਿਉਨਿਸਟ ਆਗੂਆਂ ਵੱਲੋਂ ਲਾਮਬੰਦੀ ਦਾ ਸਿਲਸਿਲਾ ਤੇਜ
ਬਠਿੰਡਾ, 14 ਫਰਵਰੀ 2020 - ਪੇਂਡੂ ਗ਼ਰੀਬਾਂ ਦੇ ਮਸਲਿਆਂ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਲਈ ਕੁਲ ਹਿੰਦ ਖੇਤ ਮਜ਼ਦੂਰ ਸਭਾ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ 22 ਮਾਰਚ ਨੂੰ ਕੀਤੀ ਜਾ ਰਹੀ ਵਿਰੋਧ ਰੈਲੀ ਵਿੱਚ ਪੰਜਾਬ ਵਿੱਚੋਂ ਹਜ਼ਾਰਾਂ ਖੇਤ ਮਜ਼ਦੂਰ ਵਲੰਟੀਅਰ ਸ਼ਾਮਲ ਹੋਣਗੇ। ਇਹ ਫੈਸਲਾ ਅੱਜ ਇੱਥੇ ਮਾਲਵੇ ਦੇ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਮੋਗਾ, ਫ਼ਿਰੋਜ਼ਪੁਰ, ਫਾਜਿਲਕਾ, ਫਰੀਦਕੋਟ ਤੇ ਮੁਕਤਸਰ ਦੇ 9 ਜਿਲਿਆ ਦੇ ਜਿਲਾ ਖੇਤ ਮਜ਼ਦੂਰ ਆਗੂਆ ਦੀ ਦੇਵੀ ਕੁਮਾਰੀ ਪੑਧਾਨ ਖੇਤ ਮਜ਼ਦੂਰ ਸਭਾ ਪੰਜਾਬ ਦੀ ਪੑਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿੱਚ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੁਲ ਹਿੰਦ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਨੇ ਕਿਹਾ ਕਿ ਇਸ ਆਰਥਿਕ ਮੰਦੀ, ਮਹਿੰਗਾਈ ਤੇ ਬੇਰੁਜ਼ਗਾਰੀ ਦੇ ਦੌਰ ਵਿੱਚ ਦੇਸ਼ ਭਰ ਦੇ ਪੇਂਡੂ ਗਰੀਬ,ਖੇਤ ਮਜ਼ਦੂਰ ਤੇ ਦਲਿਤ ਬੁਰੀ ਤਰਾਂ ਪਿਸ ਰਹੇ ਹਨ।
ਖੇਤੀ-ਬਾੜੀ ਦੇ ਸੰਕਟ ਵਿੱਚ ਗੑਸਤ ਕਿਸਾਨਾ ਦੀ ਹੋਈ ਆਰਥਕ ਦੁਰਦਸ਼ਾ ਕਾਰਨ ਜਿੱਥੇ ਦੇਸ਼ ਭਰ ਵਿੱਚ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ, ਉੱਥੇ ਕਿਸਾਨੀ ਦੀ ਇਹ ਆਰਥਕ ਮੰਦਹਾਲੀ ਪੇਂਡੂ ਖੇਤ ਮਜ਼ਦੂਰਾਂ ਉੱਪਰ ਵੀ ਮਾੜਾ ਪੑਭਾਵ ਪਾ ਰਹੀ ਹੈ। ਸਿੱਟੇ ਵਜੋਂ ਕਿਸਾਨਾ ਦੇ ਨਾਲ ਨਾਲ ਖੇਤ ਮਜ਼ਦੂਰ ਤੇ ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਵੀ ਆਤਮ ਹੱਤਿਆਵਾਂ ਲਈ ਮਜਬੂਰ ਹੋ ਗਏ ਹਨ। ਪੇਂਡੂ ਖੇਤਰ ਵਿੱਚ ਰੁਜ਼ਗਾਰ ਦੀ ਘਾਟ, ਮਹਿੰਗਾ ਇਲਾਜ, ਮਹਿੰਗੀ ਚੁਲ਼ਾ ਗੈਸ, ਮਹਿੰਗੀ ਉਚ ਵਿੱਦਿਆ, ਘਰ ਨਾਂ ਬਣਾ ਸਕਣ ਦੀ ਸਮਰੱਥਾ, ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਨਾਂ ਮਿਲਣਾ ਤੇ ਅਸਿਹ ਕਰਜ਼ੇ ਗ਼ਰੀਬਾਂ ਦੀਆ ਮੁੱਖ ਸਮੱਸਿਆਵਾਂ ਹਨ। ਸੑੀ ਗੋਰੀਆ ਅਨੁਸਾਰ ਗ਼ਰੀਬਾਂ ਤੇ ਦਲਿਤਾ ਉੱਪਰ ਸਰਕਾਰੀ ਸਹਿ ਉਤੇ ਕੀਤਾ ਜਾ ਰਿਹਾ ਸਮਾਜਿਕ ਜਬਰ ਤੇ ਕੇਂਦਰ ਸਰਕਾਰ ਵੱਲੋਂ ਦਲਿਤ ਤੇ ਪਛੜੇ ਸਮਾਜ ਲਈ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੇ ਛੜਯੰਤਰਾ ਨੇ ਗ਼ਰੀਬਾਂ ਅੰਦਰ ਰੋਸ ਹੋਰ ਵਧਾ ਦਿੱਤਾ ਹੈ। ਇਹਨਾ ਸਾਰੇ ਮੁਦਿਆ ਉੱਪਰ 20 ਮਾਰਚ ਦੀ ਰੈਲੀ ਵਿੱਚ ਬਜਟ ਸੈਸ਼ਨ ਦੌਰਾਨ ਪੁਰ-ਜ਼ੋਰ ਰੋਸ ਪੑਗਟ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ, ਮੀਤ ਸਕੱਤਰ ਜਗਜੀਤ ਸਿੰਘ ਜੋਗਾ, ਕੌਮੀ ਕੌਂਸਲ ਮੈਂਬਰ ਡਾ: ਜੁਗਿੰਦਰ ਦਿਆਲ ਤੇ ਹਰਦੇਵ ਅਰਸ਼ੀ ਸਾਬਕਾ ਵਿਧਾਇਕ ਤੋਂ ਇਲਾਵਾ ਜਿਲਾ ਮੋਗਾ, ਫ਼ਿਰੋਜ਼ਪੁਰ, ਫਾਜਿਲਕਾ,ਮਾਨਸਾ, ਬਠਿੰਡਾ ਤੇ ਮੁਕਤਸਰ ਦੇ ਸੀ ਪੀ ਆਈ ਦੇ ਜਿਲਾ ਸਕੱਤਰ ਕੑਮਵਾਰ ਕੁਲਦੀਪ ਭੋਲਾ, ਕਸ਼ਮੀਰ ਸਿੰਘ, ਹੰਸ ਰਾਜ ਗੋਲਡਨ, ਕਿੑਸਨ ਚੌਹਾਨ, ਬਲਕਰਨ ਸਿੰਘ ਬਰਾੜ ਤੇ ਹਰਲਾਭ ਸਿੰਘ ਵੀ ਉਚੇਚੇ ਤੌਰ ‘ਤੇ ਸਾਮਲ ਹੋਏ। ਇਹਨਾ ਕਮਿਊਨਿਸਟ ਆਗੂਆ ਨੇ ਆਪਣੇ ਸੰਬੋਧਨ ਵਿੱਚ ਦੋਸ਼ ਲਾਇਆ ਕਿ ਬੀ ਜੇ ਪੀ ਦੀ ਮੌਜੂਦਾ ਮੋਦੀ ਸਰਕਾਰ ਦਲਿਤ, ਗਰੀਬ ਤੇ ਧਾਰਮਿਕ ਘੱਟ ਗਿਣਤੀਆਂ ਦੀ ਵਿਰੋਧੀ ਹੈ।
ਜਿਸ ਕਰਕੇ ਦੇਸ਼ ਅੰਦਰ ਦਲਿਤਾ, ਗ਼ਰੀਬਾਂ , ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤ ਤੇ ਜਬਰ ਦਾ ਦੌਰ ਚਲ ਰਿਹਾ ਹੈ ।ਕਮਿਊਨਿਸਟ ਆਗੂਆ ਨੇ ਖੇਤ ਮਜ਼ਦੂਰਾਂ ਦੀ ਇਸ ਰੈਲੀ ਦੀ ਪੁਰ-ਜ਼ੋਰ ਹਮਾਇਤ ਕੀਤੀ। ਉਹਨਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਾਗਰਿਕ ਸੋਧ ਕਾਨੂੰਨ ਬਨਾਉਣਾ ਤੇ ਐਨ ਪੀ ਆਰ ਜਾ ਐਨ ਆਰ ਸੀ ਦੀ ਵਕਾਲਤ ਕਰਨਾ ਦੱਸਦਾ ਹੈ ਕਿ ਬੀ ਜੇ ਪੀ ਦੇਸ਼ ਅੰਦਰ ਫੁੱਟ ਪਾਊ ਤੇ ਫਿੑਕਾਪੑਸਤੀ ਦਾ ਫੈਲਾਓ ਕਰ ਰਹੀ ਹੈ। ਮਗਨਰੇਗਾ ਦੇ ਬਜਟ ਵਿੱਚ ਕਟੌਤੀ ਕਰਨਾ ਤੇ ਇਸ ਸਕੀਮ ਨੂੰ ਕਮਜ਼ੋਰ ਕਰਨ ਲਈ ਕਦਮ ਚੁੱਕਣਾ ਬੀ ਜੇ ਪੀ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਪੑਗਟਾਵਾ ਹੈ। ਆਗੂਆ ਨੇ 25 ਮਾਰਚ ਦੀ ਖੱਬੀਆ ਪਾਰਟੀਆਂ ਦੀ ਸਾਂਝੀ ਲੁਧਿਆਣਾ ਰੈਲੀ ਨੂੰ ਵੀ ਕਾਮਯਾਬ ਕਰਨ ਦਾ ਸੱਦਾ ਦਿੱਤਾ, ਜੋ ਸਮੂਹ ਮਿਹਨਤਕਸ ਲੋਕਾ ਦੀਆ ਮੰਗਾ ਅਤੇ ਸਰਕਾਰਾ ਵੱਲੋਂ ਲੋਕਾ ਨਾਲ ਕੀਤੇ ਵਾਅਦਿਆ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਦਾ ਹੋਕਾ ਦੇਵੇਗੀ।