ਰਜਨੀਸ਼ ਸਰੀਨ
ਨਵਾਂਸ਼ਹਿਰ, 9 ਅਪਰੈਲ 2020 - ਕੋਰੋਨਾ ਵਾਇਰਸ ਭਿਆਨਕ ਬਿਮਾਰੀ ਕਾਰਨ ਲੌਕ ਡਾਊਨ ਦੌਰਾਨ ਘਰ-ਘਰ ਬੁਢਾਪਾ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਹੋਰ ਵਿੱਤੀ ਸਹਾਇਤਾ ਮੁਹੱਈਆ ਕਰਨ ਲਈ ਅੱਜ ਉਪ ਮੰਡਲ ਮੈਜਿਸਟਰੇਟ ਬਲਾਚੌਰ ਜਸਬੀਰ ਸਿੰਘ ਪੀ.ਸੀ.ਐਸ. ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼ਹੀਦ ਭਗਤ ਸਿੰਘ ਨਗਰ ਸੰਤੋਸ਼ ਵਿਰਦੀ ਦੀ ਹਾਜ਼ਰੀ ਵਿੱਚ ਬਾਲ ਵਿਕਾਸ ਪੋ੍ਰਜੈਕਟ ਅਫਸਰ, ਬਲਾਚੌਰ, ਸੜੋਆ ਅਤੇ ਪੋਸਟਰ ਮਾਸਟਰ, ਡਾਕਖਾਨਾ ਬਲਾਚੌਰ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਐਸ.ਡੀ.ਐਮ ਵਲੋਂ ਪੋਸਟਰ ਮਾਸਟਰ ਨੂੰ ਹਦਾਇਤ ਕੀਤੀ ਗਈ ਕਿ ਸਬ ਡਵੀਜ਼ਨ ਬਲਾਚੌਰ ਦੇ ਸਾਰੇ ਪਿੰਡਾਂ ਵਿੱਚ ਘਰ-ਘਰ ਜਾ ਕੇ ਬੁਢਾਪਾ ਪੈਨਸ਼ਨ, ਅਪੰਗਤਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਵੰਡੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਪਿੰਡ ਵਿੱਚ ਪੈਨਸ਼ਨ ਵੰਡਣ ਲਈ ਜਾਣਾ ਹੋਵੇ ਉਸ ਪਿੰਡ ਵਿੱਚ ਸਰਪੰਚ ਰਾਹੀਂ ਅਨਾਊਸਮੈਂਟ ਕਰਵਾਈ ਜਾਵੇ। ਕੋਈ ਵੀ ਵਿਅਕਤੀ ਪੈਨਸ਼ਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਪੋਸਟਰ ਮਾਸਟਰ ਨੂੰ ਹਦਾਇਤ ਕੀਤੀ ਗਈ ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।