ਜਾਗਰੂਕਤਾ ਸਾਇਕਲ ਰੈਲੀ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ
ਜਗਦੀਸ਼ ਥਿੰਦ
ਫਾਜ਼ਿਲਕਾ, 4 ਜੁਲਾਈ
ਕੋਰੋਨਾ ਵਾਇਰਸ ਦੀ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਰਾਜ ਸਰਕਾਰ ਵੱਲੋਂ ਹਰੇਕ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਕੋਵਿਡ ਸੰਕਟ ਨੂੰ ਹਰਾਉਣ ਲਈ ਹਰੇਕ ਜ਼ਿਲਾ ਵਾਸੀ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਫਾਜ਼ਿਲਕਾ ਤੋਂ ਪਸ਼ੂ ਪਾਲਣ ਵਿਭਾਗ ਵੱਲੋਂ ਮਿਸ਼ਨ ਫ਼ਤਹਿ ਨੂੰ ਸਮਰਪਿਤ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਵੇਲੇ ਕੀਤਾ।
ਸ੍ਰ. ਸੰਧੂ ਨੇ ਕਿਹਾ ਕਿ ਸਾਈਕਲ ਰੈਲੀ ਦਾ ਮੰਤਵ ਲੋਕਾਂ ਨੂੰ ਕੋਵਿਡ ਦੇ ਬਚਾਅ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਅਤੇ ਨਿਰੋਗ ਜਿੰਦਗੀ ਜਿਊਣ ਦਾ ਸੁਨੇਹਾ ਦੇਣਾ ਹੈ। ਉਨਾਂ ਕਿਹਾ ਕਿ ਕੋਵਿਡ ਖਿਲਾਫ਼ ਵਿੱਢੀ ਜੰਗ ਅੰਦਰ ਹਰੇਕ ਜ਼ਿਲਾ ਵਾਸੀ ਨੂੰ ਸਾਵਧਾਨੀਆ ਵਰਤ ਕੇ ਆਪਣਾ ਸਹਿਯੋਗ ਪਾਉਣਾ ਪਵੇਗਾ, ਤਾਂ ਹੀ ਇਸਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਦਿ੍ਰੜ ਇਰਾਦੇ ਅਤੇ ਇੱਛਾ ਸ਼ਕਤੀ ਨਾਲ ਹਰੇਕ ਟੀਚੇ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ, ਜਿਸਦੇ ਲਈ ਰਾਜ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਜ਼ਿਲਾ ਫਾਜ਼ਿਲਕਾ ਦੇ ਲੋਕਾਂ ਨੂੰ ਹਰੇਕ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਬਾਹਰ ਜਾਣ ਸਮੇਂ ਮਾਸਕ ਲਾਜਮੀ ਪਾਉਣਾ ਚਾਹੀਦਾ ਹੈ, ਸਮਾਜਿਕ ਦੂਰੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਅਤੇ ਜ਼ਰੂਰਤ ਪੈਣ ’ਤੇ ਹੀ ਘਰੋਂ ਬਾਹਰ ਜਾਇਆ ਜਾਵੇ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਰਾਕੇਸ਼ ਗਰੋਵਰ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਸੰਜੀਵ ਸਿਨੇਮਾ ਚੌਂਕ, ਗਊਸ਼ਾਲਾ ਰੋਡ, ਅੰਡਰਬਿ੍ਰਜ, ਡੀ.ਸੀ. ਰੈਜੀਡੈਂਸ, ਘੰਟਾ-ਘਰ ਚੌਂਕ, ਗਾਂਧੀ ਮੁਹੱਲਾ ਤੋਂ ਹੁੰਦੀ ਹੋਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੀ ਸਮਾਪਤ ਹੋਈ। ਉਨਾਂ ਦੱਸਿਆ ਕਿ ਇਸ ਸਾਈਕਲ ਰੈਲੀ ’ਚ 20 ਤੋਂ ਵਧੇਰੇ ਭਾਗੀਦਾਰਾਂ ਨੇ ਹਿੱਸਾ ਲਿਆ। ਉਨਾਂ ਦੱਸਿਆ ਕਿ ਭਾਗੀਦਾਰਾਂ ਵੱਲੋਂ ਆਪਣੇ ਸਾਈਕਲ ਅੱਗੇ ਮਿਸ਼ਨ ਫਤਿਹ ਮੁਹਿੰਮ ਨੂੰ ਦਰਸ਼ਾਉਦੇ ਬੋਰਡ ਵੀ ਲਗਾਏ ਗਏ ਸਨ।