ਰਾਜਵੰਤ ਸਿੰਘ
- ਆਗੂਆਂ ’ਤੇ ਦਰਜ ਪਰਚੇ ਰੱਦ ਕਰਨ ਤੇ ਹੋਰਨਾਂ ਮੰਗਾਂ ਦੀ ਪੂਰਤੀ ਦੀ ਮੰਗ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ 2020 - ਕਿਸਾਨ ਅਤੇ ਮਜਦੂਰ ਤਾਲਮੇਲ ਕਮੇਟੀ ਦੇ ਸੱਦੇ ’ਤੇ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸਨ ਕਰਦੇ ਹੋਏ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਕਿਸਾਨ ਸਭਾ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨਾਂ ਵਿਰੋਧੀ ਆਰਡੀਨੈਂਸ ਇਸ ਸ਼ੈਸ਼ਨ ਪਾਰਲੀਮੈਂਟ ਵਿੱਚ ਲਿਆਂਦੇ ਹਨ ਇਹ ਤਿੰਨੇ ਕਿਸਾਨ ਵਿਰੋਧੀ ਹਨ, ਇਨ੍ਹਾਂ ਦੇ ਪਾਸ ਹੋਣ ਨਾਲ ਕਿਸਾਨ ਤਬਾਹ ਹੋ ਜਾਣਗੇ ਅਤੇ ਸਾਰਾ ਮੰਡੀਕਰਨ ਦਾ ਢਾਂਚਾ ਤਬਾਹ ਹੋ ਜਾਵੇਗਾ, ਜਿਸ ਨਾਲ ਮੰਡੀ ਬੋਰਡ ਰਾਹੀਂ ਸਰਕਾਰ ਦੇ ਖਜ਼ਾਨੇ ਵਿਚ ਜਾਂਦਾ ਪੈਸਾ ਬੰਦ ਹੋ ਜਾਵੇਗਾ ਅਤੇ ਮੰਡੀਕਰਨ ਬੋਰਡ ਅਧੀਨ ਲਿੰਕ ਸੜਕਾਂ ’ਤੇ ਕੀਤਾ ਜਾਂਦਾ ਖਰਚ ਵੱਡੀ ਸਮੱਸਿਆ ਬਣੇਗਾ।
ਆਗੂਆਂ ਨੇ ਕਿਹਾ ਕਿ ਹੁਣ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਨਵਾਂ ਬਿੱਲ ਬਣਾ ਕੇ ਦੇਸ ਦਾ ਸਾਰਾ ਬਿਜਲੀ ਦਾ ਢਾਂਚਾ ਨਿਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਜੋ ਦੇਸ਼ ਨੂੰ ਤਬਾਹੀ ਵੱਲ ਲੈ ਜਾਵੇਗਾ ਅਤੇ ਬਿਜਲੀ ਦੇ ਬਿੱਲਾਂ ਤੋਂ ਸਰਕਾਰ ਦਾ ਕੰਟਰੋਲ ਖਤਮ ਹੋ ਜਾਵੇਗਾ ਅਤੇ ਬਿਜਲੀ ਪੂਰੀ ਤਰ੍ਹਾਂ ਪ੍ਰਾਈਵੇਟ ਹੋ ਜਾਵੇਗੀ ਜਿਸ ਕਰਕੇ ਐਨੀ ਮਹਿੰਗੀ ਹੋ ਜਾਵੇਗੀ ਕਿ ਗਰੀਬ ਲੋਕਾਂ ਦੀ ਪਹੁੰਚ ਵਿੱਚ ਨਹੀਂ ਰਹੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸੰਘਰਸ਼ ਕਰ ਰਹੇ ਲੋਕਾਂ ਉੱਤੇ ਨਜਾਇਜ਼ ਪਰਚੇ ਦਰਜ ਕੀਤੇ ਹਨ ਤਾਂ ਕਿ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ।
ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਸਕੀਮ ਦਾ ਘੇਰਾ ਵਧਾਇਆ ਜਾਵੇ, ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ 600 ਰੁਪਏ ਦਿਹਾੜੀ ਦਿਤੀ ਜਾਵੇ, ਕਿਸਾਨਾਂ ਵਿਰੋਧੀ ਤਿੰਨੇ ਆਰਡੀਨੈਂਸ ਰੱਦ ਕੀਤੇ ਜਾਣ, ਬਿਜਲੀ ਬਿੱਲ 2020 ਨੂੰ ਵਾਪਸ ਲਿਆ ਜਾਵੇ, ਸੰਘਰਸ ਕਰ ਰਹੇ ਆਗੂਆਂ ਅਤੇ ਵਰਕਰਾਂ ’ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਤੇ ਕੁੱਝ ਹਿੰਦ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੇਜਰ ਸਿੰਘ ਸੀਰਵਾਲੀ ਕਿਸਾਾਨ ਸਭਾ ਦੇ ਆਗੂ ਧਰਮਪਾਲ ਝਬੇਲ ਵਾਲੀ, ਕਾਮਰੇਡ ਇੰਦਰਜੀਤ ਸੀਟੂ ਆਗੂ ,ਤਰਸੇਮ ਲਾਲ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਮਰੇਡ ਹਰੀ ਰਾਮ ਚੱਕ ਸੇਰੇ ਵਾਲਾ,ਜੰਗੀਰ ਸਿੰਘ ਰੁਪਾਣਾ ਜੰਗ ਸਿੰਘ ਸੀਰਵਾਲੀ ਨਿਰਮਲ ਸਿੰਘ ਰਾਮਗੜ੍ਹ ਚੂੰਘਾਂ ਮਲਕੀਤ ਸਿੰਘ ਇੰਦਰਜੀਤ ਸਿੰਘ ਫੱਤਨਵਾਲਾ ਥਾਰਾ ਸਿੰਘ ਰੁਪਾਣਾ ਬੂਟਾ ਸਿੰਘ ਆਦਿ ਹਾਜ਼ਰ ਸਨ।