ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2020 - ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਮਾਰਟ ਵਿਲ੍ਹੇਜ ਮੁਹਿੰਮ ਦਾ ਮੁੱਖ ਮਕਸਦ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਕੇ ਪਿੰਡਾਂ ਦੀ ਨੁਹਾਰ ਨੂੰ ਬਦਲਣਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਦਿੱਲੀ ਤੋਂ ਵਰਚੂਅਲ ਮੌਜੂਦਗੀ ਵਿੱਚ ਸੂਬਾ ਪੱਧਰ 'ਤੇ ਸਮਾਰਟ ਵਿਲੇਜ਼ ਮੁਹਿੰਮ ਫੇਜ਼-2 ਦੀ ਸ਼ੁਰੂਆਤ ਦੇ ਸਬੰਧ ਵਿੱਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਵਰਚੂਅਲ ਮੀਟਿੰਗ ਉਪਰੰਤ ਦਿੱਤੀ। ਇਸ ਦੌਰਾਨ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨਕੇ.ਕੇ.ਅਗਰਵਾਲ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਗਿੱਲ ਤੇ ਜ਼ਿਲਾ ਪ੍ਰਸ਼ੀਦ ਦੇ ਚੇਅਰਪ੍ਰਸਨ ਮੈਡਮ ਮਨਜੀਤ ਕੌਰ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਰਟ ਵਿਲੇਜ਼ ਮੁਹਿੰਮ ਫ਼ੇਜ਼-2 ਤਹਿਤ ਇਸ ਪ੍ਰੋਜੈਕਟ ਅਧੀਨ 161.28 ਕਰੋੜ ਰੁਪਏ ਖ਼ਰਚ ਕਰਕੇ ਜ਼ਿਲੇ ਦੇ 37 ਪਿੰਡਾਂ ਵਿਚ ਵੱਖ-ਵੱਖ ਤਰਾਂ ਦੇ 2618 ਵਿਕਾਸ ਕਾਰਜ ਕਰਵਾਏ ਜਾਣੇ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸਮਾਰਟ ਵਿਲੇਜ਼ ਮੁਹਿੰਮ ਫੇਜ਼-1 ਅਧੀਨ ਹੁਣ ਤੱਕ ਜ਼ਿਲੇ ਵਿੱਚ ਵੱਖ-ਵੱਖ ਪਿੰਡਾਂ ਵਿੱਚ 46.00 ਕਰੋੜ ਰੁਪਏ ਖ਼ਰਚ ਕਰਕੇ 1140 ਵਿਕਾਸ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਹਨ ਤੇ 348 ਵਿਕਾਸ ਕਾਰਜ ਪ੍ਰਗਤੀ ਅਧੀਨ ਹਨ।
ਬੀ.ਸ੍ਰੀਨਿਵਾਸਨ ਨੇ ਹੋਰ ਦੱਸਿਆ ਸੂਬਾ ਸਰਕਾਰ ਦੀ ਇੱਛਾ ਉਨਾਂ ਮਕਾਨ ਮਾਲਕਾਂ ਦੀ ਸਹਾਇਤਾ ਕਰਨ ਦੀ ਵੀ ਹੈ ਜੋ ਆਰਜੀ ਛੱਤਾਂ ਵਾਲੇ ਘਰਾਂ ਵਿੱਚ ਰਹਿ ਰਹੇ ਹਨ ਉਨਾਂ ਕਿਹਾ ਕਿ 'ਹਰ ਘਰ ਪੱਕੀ ਛੱਤ' ਦੇ ਇਰਾਦੇ ਨਾਲ ਪਿੰਡਾਂ ਦੇ ਗਰੀਬਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਉਨਾਂ ਇਹ ਵੀ ਦੱਸਿਆ ਕਿ ਅਜਿਹਾ ਕਰਦਿਆਂ ਟੀਚਾ ਸਮੂਹਿਕ ਵਿਕਾਸ ਦਾ ਹੋਵੇਗਾ ਤੇ ਮਿਸਾਲ ਦੇ ਤੌਰ 'ਤੇ ਇਨਾਂ ਪਰਿਵਾਰਾਂ ਵਿੱਚ ਮਹਿਲਾ ਮੁਖੀ ਪਰਿਵਾਰ, ਦਿਵਿਆਂਗ ਵਿਅਕਤੀਆਂ, ਸਖ਼ਤ ਬਿਮਾਰ ਵਿਅਕਤੀ, ਸ਼ਹੀਦਾਂ ਦੇ ਪਰਿਵਾਰ, ਅਨੁਸੂਚਿਤ ਜਾਤੀਆਂ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਛੱਪੜਾਂ ਦੀ ਸਫਾਈ, ਸਟਰੀਟ ਲਾਈਟਾਂ, ਪਾਰਕ, ਜਿਮਨੇਜੀਅਮ, ਕਮਿਊਨਿਟੀ ਹਾਲਜ਼, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਣਵਾੜੀ ਸੈਂਟਰ, ਸਮਾਰਟ ਸਕੂਲ ਅਤੇ ਰਹਿੰਦ-ਖੂੰਹਦ ਦਾ ਪ੍ਰਬੰਧਨ ਵਰਗੇ ਮੁੱਖ ਖੇਤਰਾਂ ਨੂੰ ਤਰਜੀਹ ਦਿੱਤੀ ਗਈ ਤਾਂ ਕਿ ਯੋਗ ਵਾਤਾਵਰਣ ਮੁਹੱਈਆ ਕਰਵਾ ਕੇ ਪੰਜਾਬ ਦੇ ਪਿੰਡਾਂ ਨੂੰ ਸਵੈ-ਸਥਿਰ ਬਣਾਇਆ ਜਾ ਸਕੇ
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਲ 2020-21 ਲਈ ਜ਼ਿਲੇ ਦੇ ਪੇਂਡੂ ਇਲਾਕਿਆਂ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਸਟੇਡੀਅਮ ਬਣਾਏ ਜਾ ਰਹੇ ਹਨ ਇਸ ਮੁਹਿੰਮ ਤਹਿਤ ਇਕ ਬਲਾਕ ਵਿੱਚ ਘੱਟੋ-ਘੱਟ ਪੰਜ ਸਟੇਡੀਅਮ ਬਣਾਉਣ ਦਾ ਟੀਚਾ ਹੈ। ਇਸ ਮੌਕੇ ਐਸ.ਐਸ.ਪੀ. ਭੁਪਿੰਦਰ ਜੀਤ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਜਿਲ੍ਹਾ ਪ੍ਰਸ਼ੀਦ ਦੇ ਵਾਇਸ ਚੇਅਰਮੈਨ ਸ. ਗੁਰਇਕਬਾਲ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਜੱਸਲ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।