ਹਰਦਮ ਮਾਨ
ਸਰੀ ਕੈਨੇਡਾ, 13 ਨਵੰਬਰ 2019 - ਬੀ.ਸੀ. ਵਿਚ ਪਿਛਲੇ ਦੋ ਦਿਨਾਂ ਤੋਂ ਗੈਸ (ਪੈਟਰੋਲ) ਦੀਆਂ ਕੀਮਤਾਂ ਵਿਚ ਆਈ ਕਮੀ ਨੇ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਹੈ।ਜ਼ਿਕਰਯੋਗ ਹੈ ਕਿ ਵੈਨਕੂਵਰ-ਸਰੀ ਇਲਾਕੇ ਵਿਚ ਗੈਸ ਦੀਆਂ ਕੀਮਤਾਂ ਇਸ ਸਾਲ ਮਈ ਵਿਚ 1.70 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਸਨ ਅਤੇ ਲੋਕਾਂ ਵਿਚ ਹਾਹਾਕਾਰ ਮੱਚ ਗਈ ਸੀ। ਹੁਣ 1.30 ਡਾਲਰ ਤੇ ਆ ਗਈਆਂ ਹਨ ਅਤੇ ਲਾਗਲੇ ਸ਼ਹਿਰ ਐਬਟਸਫੋਰਡ ਵਿਚ ਤਾਂ ਇਹ ਹੋਰ ਵੀ ਘੱਟ (1.19 ਡਾਲਰ ਪ੍ਰਤੀ ਲੀਟਰ) ਰਹੀਆਂ। ਇਹ ਵੀ ਵਰਨਣਯੋਗ ਹੈ ਕਿ ਬੀ.ਸੀ. ਵਿਚ ਗੈਸ ਦੀਆਂ ਕੀਮਤਾਂ ਕੈਨੇਡਾ ਦੇ ਦੂਜੇ ਰਾਜਾਂ ਦੇ ਮੁਕਾਬਲੇ 13 ਸੈਂਟ ਪ੍ਰਤੀ ਲੀਟਰ ਜ਼ਿਆਦਾ ਹਨ।
ਬੀ.ਸੀ. ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਵੀ ਇਸ ਤੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਬੀ.ਸੀ. ਵਿਚ ਗੈਸ ਦੀਆਂ ਕੀਮਤਾਂ 13 ਸੈਂਟ ਵੱਧ ਕਿਉਂ ਹਨ ? ਅੱਜ ਵਿਕਟੋਰੀਆ ਵਿਖੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਉਹ ਇਹ ਮਸਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਉਠਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨਾਂ ਦੀ ਸਰਕਾਰ ਇਹ ਇਕ ਅਜਿਹਾ ਕਾਨੂੰਨ ਬਣਾ ਰਹੀ ਹੈ ਜਿਸ ਤਹਿਤ ਗੈਸ ਕੰਪਨੀਆਂ ਨੂੰ ਸੰਵੇਦਨਸ਼ੀਲ ਸਪਲਾਈ ਅਤੇ ਕੀਮਤ ਦੇ ਅੰਕੜਿਆਂ ਨੂੰ ਨਿਯਮਤ ਅਧਾਰ 'ਤੇ ਸੂਬਾਈ ਰੈਗੂਲੇਟਰਾਂ ਨੂੰ ਸੌਂਪਣਾ ਜ਼ਰੂਰੀ ਹੋਵੇਗਾ ਤਾਂ ਕਿ ਲੋਕਾਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਬਿਨਾਂ ਚਿਤਵਾਨੀ ਦਿੱਤਿਆਂ ਕੀਮਤਾਂ ਅਚਾਨਕ ਕਿਉਂ ਵਧੀਆਂ ਹਨ?
ਇਸੇ ਦੌਰਾਨ ਲਾਗਲੇ ਕਸਬੇ ਸੁਕਾਮਿਸ਼ ਦੇ ਲੋਕਾਂ ਨੇ ਬੀਤੇ ਦਿਨ ਇਕ ਗੈਸ ਸਟੇਸ਼ਨ ਤੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਗੈਸ ਦੀਆਂ ਕੀਮਤਾਂ ਵੈਨਕੂਵਰ ਨਾਲੋਂ ਵੱਧ ਹੋਣ ਪ੍ਰਤੀ ਰੋਸ ਦਿਖਾਵਾ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਵੈਨਕੂਵਰ ਵਿਚ ਇਸ ਕਸਬੇ ਨਾਲੋਂ ਗੈਸ ਉਪਰ 15 ਸੈਂਟ ਪ੍ਰਤੀ ਲੀਟਰ ਟੈਕਸ ਵੀ ਜ਼ਿਆਦਾ ਹੈ ਪਰ ਫੇਰ ਵੀ ਏਥੇ ਗੈਸ ਦੀਆਂ ਕੀਮਤਾਂ ਉਥੇ ਘੱਟ ਹਨ।