ਦੁਆਬੇ ਦੇ ਲੋਕਾਂ ਲਈ ਬਣਾਈਆਂ ਜਾਣਗੀਆਂ ਵਿਆਪਕ ਯੋਜਨਾਵਾਂ : ਡਾ ਸੁਭਾਸ਼ ਸ਼ਰਮਾ
*ਬੰਗਾ ਵਿੱਚ ਬਣੇਗਾ ਬੀ- ਸਪੌਕ ਜੁੱਤੀ ਨਿਰਮਾਣ ਕੇਂਦਰ : ਡਾ ਸੁਭਾਸ਼ ਸ਼ਰਮਾ*
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਮਈ 2024
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਦੁਆਬੇ ਦੇ ਲੋਕਾਂ ਦੀ ਸਹੂਲਤ ਲਈ ਵਿਆਪਕ ਯੋਜਨਾਵਾਂ ਉਲੀਕੀਆਂ ਜਾਣਗੀਆਂ। ਅੱਜ ਬਲਾਚੌਰ ਕੋਰਟ ਅਤੇ ਪਿੰਡ ਟਕਰਾਲਾ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਵੱਖ ਵੱਖ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਆਬੇ ਦੇ ਲੋਕਾਂ ਦੀ ਜੀਵਨ ਰੇਖਾ ਕੰਢੀ ਕੈਨਾਲ ਦਾ ਅਧੂਰਾ ਪਿਆ ਨਿਰਮਾਣ ਮੁਕੰਮਲ ਕਰਵਾ ਕੇ ਇੱਥੋਂ ਦੇ ਆਮ ਜਨ ਜੀਵਨ ਅਤੇ ਕੁਦਰਤ ਤੇ ਨਿਰਭਰ ਕ੍ਰਿਸਾਨੀ ਦੀ ਕਾਇਆ ਕਲਪ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਵਾਂ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਇੱਕ ਸਰਕਾਰੀ ਮੈਡੀਕਲ ਕਾਲਜ ਅਤੇ ਇੱਕ ਹੁਨਰ ਵਿਕਾਸ ਕੇਂਦਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੰਗਾ ਵਿਖੇ ਇੱਕ ਵਿਸ਼ਵ ਪੱਧਰੀ ਬੀ-ਸਪੌਕ ਜੁੱਤੀਆਂ ਬਣਾਉਣ ਦਾ ਕੇਂਦਰ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਮਾਰਕੀਟ ਪਹੁੰਚ ਲਈ ਕੇਂਦਰ ਸਰਕਾਰ ਦੀ ਵਿਸ਼ੇਸ਼ ਸਹਾਇਤਾ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਮਿਤ ਸੜਕੀ ਮਾਰਗਾਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਇਸ ਨੂੰ ਰੇਲ ਲਿੰਕ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਚੌਰ ਦੀਆਂ ਸਿਹਤ ਸਹੂਲਤਾਂ ਵਿੱਚ ਵਾਧਾ ਕਰਦੇ ਹੋਏ ਸਥਾਨਕ ਅਬਾਦੀ ਦੇ ਹਿਸਾਬ ਨਾਲ ਇੱਕ ਵੱਡਾ ਹਸਪਤਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬੰਗਾ ਦਾ ਉਦਯੋਗੀਕਰਨ ਕਰਕੇ ਇਸ ਨੂੰ ਪਲਾਈ ਬੋਰਡ ਇੰਡਸਟਰੀ ਦੀ ਹੱਬ ਬਣਾਇਆ ਜਾਵੇਗਾ ਜਿਸ ਨਾਲ ਸਮੁੱਚੇ ਹਲਕੇ ਵਿੱਚ ਵਪਾਰ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸ੍ਰੀ ਸ਼ਰਮਾ ਨੇ ਕਿਹਾ ਕਿ ਬੰਗਾ ਅਤੇ ਨਵਾਂ ਸ਼ਹਿਰ ਨੂੰ ਰੇਲ ਲਿੰਕ ਨਾਲ ਜੋੜਿਆ ਜਾਵੇਗਾ।