ਪੀ.ਏ.ਯੂ. ਵਿਚ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਵਿਸ਼ੇਸ਼ ਵਰਕਸ਼ਾਪ ਹੋਈ
ਲੁਧਿਆਣਾ , 27 ਮਈ
ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਮਨੱੁਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਵੱਲੋਂ ਬੀਤੇ ਦਿਨੀਂ ਬੱਚਿਆਂ ਦੀ ਪਰਵਰਿਸ਼ ਠੀਕ ਢੰਗ ਨਾਲ ਕਰਨ ਲਈ ਇਕ ਵਰਕਸ਼ਾਪ ਕਰਵਾਈ ਗਈ| ਇਸ ਵਰਕਸ਼ਾਪ ਦਾ ਉਦੇਸ਼ ਨੌਜਵਾਨ ਮਾਪਿਆਂ ਨੂੰ ਬੱਚਿਆਂ ਦੀ ਸਹੀ ਪਰਵਰਿਸ਼ ਦੇ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਸੀ| ਵਿਸ਼ੇਸ਼ ਵਕਤਾ ਵਜੋਂ ਇਸ ਵਿਸ਼ੇ ਦੇ ਮਾਹਰ ਕੁਮਾਰੀ ਨੇਹਾ ਲਖਨਪਾਲ ਨੇ ਆਪਣੇ ਵਿਚਾਰ ਪੇਸ਼ ਕੀਤੇ| ਉਹਨਾਂ ਆਪਣੇ ਭਾਸ਼ਣ ਵਿਚ ਬੱਚਿਆਂ ਦੀ ਉਸਾਰੂ ਪਰਵਰਿਸ਼ ਲਈ ਉਸਾਰੂ ਨੁਕਤੇ ਦੱਸੇ| ਉਹਨਾਂ ਨੇ ਬੱਚਿਆਂ ਦੇ ਵਿਕਾਸ ਵਿਚ ਮਾਂ ਬਾਪ ਦੇ ਯੋਗਦਾਨ ਦੀ ਗੱਲ ਕਰਦਿਆਂ ਬੱਚਿਆਂ ਨਾਲ ਭਾਵੁਕ ਅਤੇ ਸਮਾਜਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਸਲਾਹ ਦਿੱਤੀ| ਇਸ ਮੌਕੇ ਮਾਪਿਆਂ ਵੱਲੋਂ ਬੱਚਿਆਂ ਦੀ ਪਰਵਰਿਸ਼ ਸੰਬੰਧੀ ਡਾ. ਨੇਹਾ ਲਖਨਪਾਲ ਨਾਲ ਸਵਾਲ-ਜਵਾਬ ਵੀ ਹੋਏ|
ਵਿਭਾਗ ਦੇ ਮੁਖੀ ਡਾ. ਸੀਮਾ ਸ਼ਰਮਾ ਨੇ ਆਪਣੀ ਟਿੱਪਣੀ ਵਿਚ ਇਸ ਵਰਕਸ਼ਾਪ ਨੂੰ ਬੇਹੱਦ ਲਾਹੇਵੰਦ ਕਿਹਾ| ਉਹਨਾਂ ਕਿਹਾ ਕਿ ਕਿਸੇ ਸਮਾਜ ਦੀ ਉਸਾਰੀ ਲਈ ਚੰਗੇ ਮਾਪਿਆਂ ਦਾ ਹੋਣਾ ਬੇਹੱਦ ਲਾਜ਼ਮੀ ਹੈ| ਇਹ ਵਰਕਸ਼ਾਪ ਬੱਚਿਆਂ ਦੀ ਪਰਵਰਿਸ਼ ਸੰਬੰਧੀ ਉਸਾਰੂ ਮਾਹੌਲ ਦੀ ਸਿਰਜਣਾ ਲਈ ਕਰਵਾਈ ਗਈ ਹੈ|
ਵਰਕਸ਼ਾਪ ਵਿਚ 70 ਦੇ ਕਰੀਬ ਮਾਂ ਬਾਪ ਅਤੇ ਅਮਲੇ ਦੇ ਮੈਂਬਰ ਸ਼ਾਮਿਲ ਹੋਏ| ਡਾ. ਪ੍ਰਾਚੀ ਬਿਸ਼ਟ ਨੇ ਸਭ ਦਾ ਸਵਾਗਤ ਕਰਦਿਆਂ ਮਹਿਮਾਨ ਨਾਲ ਜਾਣ-ਪਛਾਣ ਕਰਵਾਈ| ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਰਿਤੂ ਮਾਹਲ ਨੇ ਕਹੇ|