ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਤੇ ਕਰਵਾਇਆ ਸੈਮੀਨਾਰ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 17 ਮਈ ,2024
ਡਾ. ਮਨੂੰ ਵਿਜ਼ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ, ਡਾ. ਦਲਜੀਤ ਕੌਰ ਦੀ ਅਗਵਾਈ ਹੇਠ ਅੱਜ ਹੈਲਥ ਐਂਡ ਵੈਲਨੈਸ ਸੈਂਟਰ ਅਗੰਮਪੁਰ ਵਿਖੇ ਵਿਸ਼ਵ ਹਾਈਪਰਟੈਂਨਸ਼ਨ ਦਿਵਸ ਮਨਾਇਆ ਗਿਆ।
ਬਲਵੰਤ ਰਾਏ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਅੱਜ ਦੇ ਸਮੇਂ ਹਰ ਘਰ ਵਿੱਚ ਇੱਕ ਜਾਂ ਦੋ ਵਿਅਕਤੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ਼ ਜੂਝ ਰਹੇ ਹਨ। ਭਾਵੇਂ ਇਸ ਦੇ ਕਈ ਸੰਭਾਵੀ ਕਾਰਣ ਹਨ ਪਰ ਸਾਡੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਸ਼ਰੀਰਕ ਕਸਰਤ ਦਾ ਘੱਟ ਹੋਣਾ ਵੀ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਵਧਾਉਂਦਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਘਰ ਦਾ ਬਣਿਆ ਖਾਣਾ ਛੱਡ ਕੇ ਬਾਹਰ ਦਾ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਜੰਕ ਫੂਡ ਪਾਚਣ ਸ਼ਕਤੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਭਾਰ ਵਧਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਨਮਕ ਅਤੇ ਸ਼ੱਕਰ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਤਲ਼ੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਫਾਸਟ ਫੂਡ ਤੋਂ ਬਚਣਾ ਚਾਹੀਦਾ ਹੈ, ਸਿਗਰੇਟ ਅਤੇ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਦਵਾਈਆਂ ਆਪਣੀ ਮਰਜੀ ਨਾਲ਼ ਨਹੀਂ ਖਾਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਸਬੰਧੀ ਡਾਕਟਰੀ ਸਲਾਹ ਅਤੇ ਇਲਾਜ਼ ਪ੍ਰਤੀ ਅਣਗਹਿਲੀ ਨਾ ਵਰਤੋ।
ਇਸ ਮੌਕੇ ਕਮਿਊਨਿਟੀ ਹੈਲਥ ਅਫਸਰ ਰਾਣੋ ਨੇ ਕਿਹਾ ਕਿ ਹਰ ਵਿਅਕਤੀ ਨੂੰ 30 ਤੋਂ 40 ਮਿੰਟ ਸੈਰ ਕਰਨੀ ਚਾਹੀਦੀ ਹੈ ਅਤੇ ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਓ ਨੂੰ ਘੱਟ ਕਰਨਾ ਚਾਹੀਦਾ ਹੈ। ਉਹਨਾ ਦੱਸਿਆ ਕਿ ਸਿਹਤ ਵਿਭਾਗ ਵਲ੍ਹੋਂ ਇੰਡੀਅਨ ਹਾਈਪਰਟੈਂਨਸ਼ਨ ਕੰਟ੍ਰੋਲ ਇਨਿਸ਼ੀਏਟਿਵ ਪ੍ਰੋਗਰਾਮ ਤਹਿਤ ਮਰੀਜਾਂ ਨੂੰ ਆਨਲਾਈਨ ਰਜਿਸਟਰ ਕੀਤਾ ਜਾਂਦਾ ਹੈ ਅਤੇ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਮਰੀਜ਼ ਦੇ ਆਨਲਾਈਨ ਹੋਣ ਨਾਲ਼ ਉਹ ਜਦੋਂ ਦੁਬਾਰਾ ਕਿਸੀ ਵੀ ਸੰਸਥਾ ਤੋਂ ਦਵਾਈ ਲੈਂਦਾ ਹੈ ਤਾ ਆਈ. ਐਚ. ਆਈ. ਪੀ. ਦੀ ਐਪ ਤੋਂ ਮਰੀਜ ਨੂੰ ਜਾਰੀ ਕੀਤੀ ਯੁਨੀਕ ਆਈ ਡੀ ਨਾਲ਼ ਉਸ ਦੀ ਬਿਮਾਰੀ ਸਬੰਧੀ ਸਾਰਾ ਵੇਰਵਾ ਮਿਲ ਜਾਂਦਾ ਹੈ, ਜਿਸ ਨਾਲ਼ ਉਸ ਮਰੀਜ ਦੇ ਇਲਾਜ਼ ਵਿੱਚ ਸੁਖਾਲਾ ਹੋ ਜਾਦਾ ਹੈ। ਇਸ ਮੌਕੇ ਏ. ਐਨ.ਐਮ ਰਜਨੀ ਦੇਵੀ, ਨਰੇਸ਼ ਕੁਮਾਰ, ਸੁੱਚਾ ਸਿੰਘ ਹੈਲਥ ਵਰਕਰਜ਼, ਮਨਦੀਪ ਕੌਰ,ਸੁਖਵਿੰਦਰ ਕੌਰ, ਵੰਦਨਾ ਕੁਮਾਰੀ ਆਸ਼ਾ ਵਰਕਰ ਵੀ ਮੌਜੂਦ ਸਨ।