ਜੀ ਐਸ ਪੰਨੂ
ਪਟਿਆਲਾ, 9 ਜਨਵਰੀ 2021 - ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਹੈ ਕਿ ਸਰਕਾਰੀ ਕਰਮਚਾਰੀ ਤੇ ਅਧਿਕਾਰੀ, ਸਰਕਾਰ ਵਿੱਚ ਸੇਵਾ ਪ੍ਰਦਾਤਾ ਦੇ ਤੌਰ 'ਤੇ ਸੇਵਾ ਕਰਦੇ ਹਨ, ਇਸ ਲਈ ਇਨ੍ਹਾਂ ਨੂੰ ਕੰਮ ਪੂਰੀ ਲਗਨ, ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਆਮ ਲੋਕਾਂ ਨੂੰ ਬਹੁਤ ਆਸਾਂ ਹੁੰਦੀਆਂ ਹਨ।
ਡਵੀਜਨਲ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਦਫ਼ਤਰੀ ਮੋਹਨ ਸਿੰਘ ਦੀ 34 ਸਾਲ ਦੀ ਸ਼ਾਨਦਾਰ ਸੇਵਾ ਨਵਿਰਤੀ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਕਰਮਚਾਰੀ ਆਪਣੀ ਸ਼ਾਨਦਾਰ ਸੇਵਾ ਤੋਂ ਸੇਵਾ ਮੁਕਤ ਹੋਕੇ ਆਪਣੇ ਘਰ ਨੂੰ ਜਾਣ ਤਾਂ ਲੋਕ ਉਨ੍ਹਾਂ ਨੂੰ ਇਸ ਕਰਕੇ ਸਦਾ ਯਾਦ ਰੱਖਦੇ ਹਨ ਕਿ ਇਸ ਸੀਟ 'ਤੇ ਬੈਠਣ ਵਾਲਾ ਮੁਲਾਜਮ ਬਹੁਤ ਲੋਕ ਪੱਖੀ ਅਤੇ ਬਹੁਤ ਚੰਗਾ ਹੁੰਦਾ ਸੀ। ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਸਰਕਾਰੀ ਸੇਵਾ ਦੌਰਾਨ ਅਜਿਹੀਆਂ ਪੈੜਾਂ ਛੱਡਣੀਆਂ ਚਾਹੀਦੀਆਂ ਹਨ ਤਾਂ ਜਦੋਂ ਅਸੀਂ ਆਪਣੀ ਸੀਟ ਤੋਂ ਪਦਉਨਤ ਹੋ ਕੇ ਜਾਂ ਸੇਵਾ ਮੁਕਤ ਹੋਕੇ ਜਾਈਏ ਤਾਂ ਲੋਕ ਸਾਨੂੰ ਯਾਦ ਕਰਨ ਅਤੇ ਸਰਕਾਰ ਦਾ ਅਕਸ ਲੋਕਾਂ ਦੀਆਂ ਨਜ਼ਰਾਂ 'ਚ ਹੋਰ ਵੀ ਮਜ਼ਬੂਤ ਹੋ ਸਕੇ।
ਡਵੀਜਨਲ ਕਮਿਸ਼ਨਰ ਨੇ ਸੇਵਾ ਨਵਿਰਤ ਹੋ ਰਹੇ ਕਰਮਚਾਰੀ ਮੋਹਣ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਦਫ਼ਤਰਾਂ 'ਚ ਸੇਵਾ ਨਿਭਾਉਣ ਵਾਲੇ ਸੇਵਾਦਾਰ ਜਾਂ ਦਫ਼ਤਰੀ, ਦਫ਼ਤਰਾਂ ਦੇ ਅਹਿਮ ਕਰਮਚਾਰੀ ਹੁੰਦੇ ਹਨ, ਕਿਊਂਕਿ ਜੇਕਰ ਆਮ ਲੋਕ ਅਧਿਕਾਰੀ ਨੂੰ ਮਿਲਣ ਆਉਂਦੇ ਹਨ ਤਾਂ ਉਸ ਬਾਰੇ ਅਧਿਕਾਰੀ ਨੂੰ ਸੂਚਨਾ ਵੀ ਇਨ੍ਹਾਂ ਵੱਲੋਂ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦਫ਼ਤਰਾਂ ਦੀ ਫੀਡ ਬੈਕ ਵੀ ਅਜਿਹੇ ਕਰਮਚਾਰੀ ਹੀ ਮੁੱਖ ਅਧਿਕਾਰੀ ਤੱਕ ਪੁੱਜਦੀ ਕਰਦੇ ਹਨ ਅਤੇ ਦਫ਼ਤਰਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਦਾ ਹੈ।
ਇਸ ਮੌਕੇ ਚੰਦਰ ਗੈਂਦ ਨੇ ਮੋਹਨ ਸਿੰਘ ਨੂੰ ਸਨਮਾਨਤ ਵੀ ਕੀਤਾ। ਮੋਹਨ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਡਵੀਜ਼ਨ ਕਮਿਸ਼ਨਰ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।