ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 26 ਫਰਵਰੀ 2021 - ਮੇਅਰ ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਗੁਰੂਨਗਰੀ ਅੰਮ੍ਰਿਤਸਰ ਦੇ ਸਵਾਗਤੀ ਗੋਲਡਨ ਗੇਟ ਨੂੰ ਨਗਰ ਨਿਗਮ ਵੱਲੋਂ ਲਾਈਟਾਂ ਲਗਾਕੇ ਜਗਮਗਾ ਦਿੱਤਾ ਗਿਆ ਹੈ ਕਿਉਜੋ ਸ਼ਹਿਰਵਾਸੀਆਂ ਨੂੰ ਇਸ ਗੇਟ ਦੀਆਂ ਰਾਤ ਵੇਲੇ ਲਾਈਟਾਂ ਬੰਦ ਰਹਿਣ ਕਰਕੇ ਬੜੀ ਪਰੇਸ਼ਾਨੀ ਪੇਸ਼ ਆ ਰਹੀ ਸੀ ਪਰ ਪੀ.ਡਬਲਿਊ.ਡੀ. ਵਿਭਾਗ ਜਿਸ ਕੋਲ ਇਸ ਸਵਾਗਤੀ ਗੋਲਡਨ ਗੇਟ ਦੇ ਰੱਖ-ਰਖਾਵ ਦਾ ਜਿੰਮਾਂ ਹੈ, ਵੱਲੋਂ ਸਮੇਂ ਰਹਿੰਦੇ ਲੋਕਾਂ ਦੀ ਇਸ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਸੀ ਕੱਢਿਆ ਜਾ ਰਿਹਾ ਜਿਸ ਕਰਕੇ ਮੇਅਰ ਨਗਰ ਨਿਗਮ ਨੇ ਪਹਿਲ ਕਰਦੇ ਹੋਏ ਨਿਗਮ ਦੇ ਸਟਰੀਟ ਲਾਈਟ ਵਿਭਾਗ ਨੂੰ ਵਿਸ਼ੇਸ਼ ਨਿਰਦੇਸ਼ ਦੇਕੇ ਇਸ ਗੋਲਡਨ ਗੇਟ ਦੀਆਂ ਲਾਈਟਾਂ ਦੋਬਾਰਾ ਜਗਮਗਾ ਦਿੱਤੀਆਂ ਹਨ।
ਇਸ ਮੌਕੇ ਮੇਅਰ ਨੇ ਦੱਸਿਆ ਕਿ ਸ਼੍ਰੀ ਅੰਮ੍ਰਿਤਸਰ ਸ਼ਹਿਰ ਇਕ ਸ਼੍ਰੋਮਣੀ ਸ਼ਹਿਰ ਹੈ ਜਿਸ ਵਿਚ ਰੋਜਾਨਾ ਲੱਖਾਂ ਸ਼ਰਧਾਲੂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਦੇ ਹਨ ਇਸ ਤੋਂ ਇਲਾਵਾ ਸ਼ਹਿਰਵਾਸੀ ਅਤੇ ਕਾਰੋਬਾਰੀਆਂ ਦਾ ਰੋਜਾਨਾਂ ਜੀ.ਟੀ.ਰੋਡ ਤੇ ਰਾਤ ਨੂੰ ਆਉਣਾ ਜਾਣਾ ਹੁੰਦਾ ਹੈ ਪਰ ਸ਼ਹਿਰ ਦੇ ਸਵਾਗਤੀ ਗੋਲਡਨ ਗੇਟ ਦੀਆਂ ਲਾਈਟਾਂ ਰਾਤ ਨੂੰ ਤਕਰੀਬਨ ਬੰਦ ਹੀ ਰਹਿੰਦੀਆਂ ਸਨ ਜਿਸ ਕਰਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਅਤੇ ਉਹਨਾਂ ਨੂੰ ਵੀ ਇਸ ਬਾਰੇ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਨੂੰ ਮੱਧੇਨਜ਼ਰ ਰੱਖਦੇ ਹੋਏ ਉਹਨਾਂ ਵੱਲੋਂ ਨਿਗਮ ਦੇ ਸਟਰੀਟ ਲਾਈਟ ਵਿਭਾਗ ਨੂੰ ਹਦਾਇਤਾਂ ਕਰਕੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਅਸਲ ਵਿਚ ਇਹ ਜਿੰਮੇਵਾਰੀ ਪੀ.ਡਬਲਿਊ.ਡੀ. ਵਿਭਾਗ ਦੀ ਬਣਦੀ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਨੂੰ ਇਸ ਸਬੰਧੀ ਪੀ.ਡਬਲਿਊ.ਡੀ. ਵਿਭਾਗ ਨਾਲ ਪੱਤਰ ਵਿਹਾਰ ਕਰਨ ਲਈ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਗੋਲਡਨ ਗੇਟ ਦੀਆਂ ਲਾਈਟਾਂ ਦਾ ਪ੍ਰਬੰਧ ਨਗਰ ਨਿਗਮ ਆਪਣੇ ਹੱਥ ਵਿਚ ਲੈ ਲਵੇਗਾ। ਉਹਨਾਂ ਸ਼ਹਿਰਵਾਸੀਆਂ ਨੂੰ ਭਰੋਸਾ ਦੁਆਇਆ ਕਿ ਸ਼ਹਿਰ ਵਿਚ ਨਗਰ ਨਿਗਮ ਵੱਲੋਂ ਰਿਕਾਰਡ ਤੋੜ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਸ਼ਹਿਰਵਾਸੀਆਂ ਨੂੰ ਮੁੱਢਲੀਆਂ ਸੁਵਿਧਾਵਾਂ ਦੇਣ ਲਈ ਨਗਰ ਨਿਗਮ ਵਚਨਬੱਧ ਹੈ।