ਮੁਲਾਜ਼ਮਾਂ ਨੂੰ ਵੀ ਲੱਗੂਗਾ ਖੇਤੀ ਕਾਨੂੰਨਾਂ ਦਾ ਸੇਕ; ਖੇਤੀ ਮੰਡੀਕਰਨ ਨਾਲ ਸਬੰਧਤ ਅਦਾਰਿਆਂ ਦਾ ਭੋਗ ਪੈ ਜਾਵੇਗਾ : ਕਿਸਾਨ ਆਗੂ
ਗੋਦੀ ਮੀਡੀਏ ਦੀ ਅੱਖ ਦਾ ਟੀਰ ; ਤੀਹ ਗਰਾਮ 'ਤੇ ਝੱਜੂ ਪਾਉਣ ਵਾਲੇ ਐਂਕਰਾਂ ਨੂੰ ਅਡਾਨੀ ਬੰਦਰਗਾਹ 'ਤੇ ਫੜ੍ਹਿਆ 30 ਕੁਇੰਟਲ ਨਸ਼ਾ ਨਹੀਂ ਦਿਸਿਆ: ਉਪਲੀ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 23 ਸਤੰਬਰ 2021- ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 358 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬਰਨਾਲਾ ਵਿੱਚ ਸਵੇਰੇ ਤੋਂ ਹੀ ਜ਼ੋਰਦਾਰ ਮੀਂਹ ਪੈਂਦਾ ਰਿਹਾ ਪਰ ਨਾ ਤਾਂ ਧਰਨੇ ਵਿੱਚ ਇਕੱਠ ਦੀ ਗਿਣਤੀ ਘਟੀ ਅਤੇ ਨਾ ਹੀ ਨਾਹਰਿਆਂ ਦੀ ਗੂੰਜ ਮੱਠੀ ਪਈ।
ਬੁਲਾਰਿਆਂ ਨੇ ਅੱਜ ਖੇਤੀ ਕਾਨੂੰਨਾਂ ਦੇ ਮੁਲਾਜ਼ਮਾਂ ਉਪਰ ਪੈਣ ਵਾਲੇ ਦੁਰ-ਪ੍ਰਭਾਵਾਂ 'ਤੇ ਰੋਸ਼ਨੀ ਪਾਈ। ਆਗੂਆਂ ਨੇ ਕਿਹਾ ਕਿ ਏਐਮਪੀਸੀ ਮੰਡੀਆਂ ਖਤਮ ਹੋਣ ਨਾਲ ਸਭ ਤੋਂ ਪਹਿਲੀ ਤਲਵਾਰ ਤਾਂ ਮਾਰਕੀਟ ਕਮੇਟੀ ਅਤੇ ਮੰਡੀਕਰਨ ਬੋਰਡ ਦੇ ਮੁਲਾਜ਼ਮਾਂ ਦੀ ਨੌਕਰੀ 'ਤੇ ਡਿੱਗੇਗੀ। ਜੇਕਰ ਸਰਕਾਰੀ ਮੰਡੀਆਂ ਹੀ ਨਾ ਰਹੀਆਂ ਤਾਂ ਮੁਲਾਜ਼ਮਾਂ ਦੀ ਕੀ ਲੋੜ। ਖੇਤੀ ਮੰਡੀਕਰਨ ਨਾਲ ਸਬੰਧਤ ਏਜੰਸੀਆਂ, ਐਫਸੀਆਈ, ਪਨਗ੍ਰੇਨ, ਐਗਰੋਟਿਕ, ਮਾਰਕਫੈੱਡ , ਫੂਡ ਤੇ ਸਿਵਲ ਸਪਲਾਈਜ਼ ਤੇ ਵੇਅਰ ਹਾਊਸ ਆਦਿ ਸਾਰੇ ਅਦਾਰੇ ਗੈਰ-ਪ੍ਰਾਸੰਗਿਕ ਹੋ ਜਾਣਗੇ। ਇਸੇ ਤਰ੍ਹਾਂ ਪਰਾਈਵੇਟ ਸਾਇਲੋਜ਼ ਵਿੱਚ ਸਿੱਧੀਆਂ ਰੇਲਵੇ ਲਾਈਨਾਂ ਜਾਣ ਵਾਲੇ ਦੌਰ ਵਿੱਚ ਸਟੇਟ ਟਰਾਂਸਪੋਰਟ ਅਤੇ ਐਸਟੀਸੀ ਆਦਿ ਅਦਾਰਿਆਂ ਦਾ ਭੋਗ ਪੈਣਾ ਵੀ ਲਾਜ਼ਮੀ ਹੈ। ਇਸ ਲਈ ਕਿਸਾਨ ਅੰਦੋਲਨ ਸਿਰਫ ਕਿਸਾਨਾਂ ਦੇ ਹੀ ਨਹੀਂ, ਸਗੋਂ ਸਮਾਜ ਦੇ ਸਭ ਵਰਗਾਂ ਦੇ ਹਿੱਤਾਂ ਦੀ ਗੱਲ ਕਰਦਾ ਹੈ।
ਅੱਜ ਮੱਧਯੁਗ ਵਿੱਚ ਹੋਏ ਮਹਾਨ ਸੰਤ ਬਾਬਾ ਫਰੀਦ ਦਾ ਆਗਮਨ ਪੁਰਬ ਹੈ ਜਿਨ੍ਹਾਂ ਦਾ ਸਰਬ- ਸਾਂਝੀਵਾਲਤਾ ਦਾ ਸੁਨੇਹਾ ਅੱਜ ਦੇ ਸੰਕੀਰਨਤਾ ਦੇ ਦੌਰ ਵਿੱਚ ਹੋਰ ਵੀ ਵਧੇਰੇ ਪ੍ਰਾਸੰਗਿਕ ਹੋ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਆਪਣੀ ਜਿੰਦਗੀ 'ਚ ਅਪਣਾਉਣਾ ਹੀ ਅਸਲੀ ਸਿਜਦਾ ਹੈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਨਛੱਤਰ ਸਿੰਘ ਸਹੌਰ, ਬਲਵੰਤ ਸਿੰਘ ਠੀਕਰੀਵਾਲਾ, ਗੁਰਚਰਨ ਸਿੰਘ ਸੁਰਜੀਤਪੁਰਾ ਪਰਮਜੀਤ ਕੌਰ ਠੀਕਰੀਵਾਲਾ, ਬਲਜੀਤ ਕੌਰ ਫਰਵਾਹੀ, ਬਲਜੀਤ ਸਿੰਘ ਚੌਹਾਨਕੇ, ਪ੍ਰੇਮਪਾਲ ਕੌਰ, ਮਨਜੀਤ ਕੌਰ ਖੁੱਡੀ, ਮੁਖਤਿਆਰ ਕੌਰ ਖੁੱਡੀ ਕਲਾਂ, ਗੋਰਾ ਸਿੰਘ ਢਿੱਲਵਾਂ,ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਾਡੇ ਪ੍ਰਧਾਨ ਮੰਤਰੀ ਦੇ ਖਾਸਮ-ਖਾਸ ਗੌਤਮ ਅਡਾਨੀ ਦੀ ਮਾਲਕੀ ਵਾਲੀ ਮੁੰਦਰਾ ਬੰਦਰਗਾਹ ਤੋਂ ਤੀਹ ਕੁਇੰਟਲ ਹੈਰੋਇਨ ਫੜੀ ਗਈ ਜਿਸ ਦੀ ਬਾਜਾਰੀ ਕੀਮਤ 21000 ਕਰੋੜ ਤੋਂ ਵੀ ਵਧ ਬਣਦੀ ਹੈ। ਦੁਨੀਆ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਫੜੇ ਜਾਣ ਵਾਲੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਪਰ ਗੋਦੀ ਮੀਡੀਆ ਦੀ ਅੱਖ ਦਾ ਟੀਰ ਦੇਖੋ। ਅਡਾਨੀ ਅਤੇ ਗੁਜਰਾਤ ਸੂਬੇ ਦਾ ਨਾਮ ਆਉਣ ਕਾਰਨ ਇਸ ਖਬਰ ਨੂੰ ਨਸ਼ਰ ਕਰਨ ਨੂੰ ਲੈ ਕੇ ਸਮੁੱਚੇ ਗੋਦੀ ਮੀਡੀਆ ਨੂੰ ਸੱਪ ਸੁੰਘ ਗਿਆ। ਪਿਛਲੇ ਸਾਲ ਇੱਕ ਫਿਲਮੀ ਹਸਤੀ ਤੋਂ ਸਿਰਫ ਤੀਹ ਗਰਾਮ ਦੀ ਨਸ਼ਾ-ਬਰਾਮਦਗੀ 'ਤੇ ਟੀਵੀ ਸਟੱਡੀਉ ਸਿਰ 'ਤੇ ਚੁੱਕਣ ਵਾਲੇ ਇੱਕ ਭੌਂਪੂ ਪੱਤਰਕਾਰ ਦੇ ਮੂੰਹ 'ਤੇ ਇਨ੍ਹੀਂ ਦਿਨੀਂ ਜਿੰਦਰਾ ਲੱਗਾ ਹੋਇਆ ਹੈ। ਗੋਦੀ ਮੀਡੀਆ ਕਿਸਾਨ ਅੰਦੋਲਨ ਦੀ ਵੀ ਇਸੇ ਤਰ੍ਹਾਂ ਦੀ ਇੱਕ-ਪਾਸੜ ਤੇ ਸਰਕਾਰ-ਪੱਖੀ ਕਵਰੇਜ਼ ਕਰਦਾ ਆ ਰਿਹਾ ਹੈ। ਗੋਦੀ ਮੀਡੀਏ 'ਤੇ ਨਿਰਭਰਤਾ ਛੱਡ ਕੇ ਸਾਨੂੰ, ਸੋਸ਼ਲ ਮੀਡੀਏ ਵਰਗੇ ਆਪਣੇ ਮੰਚ ਉਸਾਰਨੇ ਪੈਣਗੇ।