ਕਿਸਾਨੀ-ਧਰਨਿਆਂ 'ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ
ਦਲਜੀਤ ਕੌਰ ਭਵਾਨੀਗੜ੍ਹ
- ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਸਾਡਾ ਅਹਿਮ ਪ੍ਰੇਰਨਾ-ਸਰੋਤ: ਕਿਸਾਨ ਆਗੂ
- ਭਾਰਤ ਬੰਦ ਦੀ ਅਪਾਰ ਸਫਲਤਾ ਨੇ ਕਿਸਾਨਾਂ ਦੇ ਹੌਸਲੇ ਸੱਤ-ਅਸਮਾਨੀਂ ਚਾੜ੍ਹੇ; ਅਹਿਦ ਹੋਰ ਦ੍ਰਿੜ ਹੋਇਆ
- 1 ਅਕਤੂਬਰ ਨੂੰ ਪੰਜਾਬ 'ਚ ਪੱਕੇ-ਧਰਨਿਆਂ ਦਾ ਇੱਕ ਸਾਲ ਪੂਰਾ ਹੋ ਜਾਵੇਗਾ : ਕਿਸਾਨ ਆਗੂ
ਚੰਡੀਗੜ੍ਹ, 28 ਸਤੰਬਰ, 2021 : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ 3 ਖੇਤੀ-ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਪੰਜਾਬ ਭਰ 'ਚ 108 ਥਾਵਾਂ 'ਤੇ ਜਾਰੀ ਪੱਕੇ-ਧਰਨਿਆਂ ਦਾ 363ਵਾਂ ਦਿਨ ਸ਼ਹੀਦ ਭਗਤ ਸਿੰਘ ਦੇ 114ਵੇਂ ਜਨਮਦਿਹਾੜੇ ਨੂੰ ਸਮਰਪਿਤ ਰਿਹਾ।
ਕਿਸਾਨੀ-ਧਰਨਿਆਂ 'ਚ ਨਾਟਕਾਂ ਅਤੇ ਸੰਗੀਤ ਮੰਡਲੀਆਂ ਵੱਲੋਂ ਇਨਕਲਾਬੀ ਸਭਿਆਚਾਰਕ ਪੇਸ਼ਕਾਰੀਆਂ ਕਰਦਿਆਂ ਸ਼ਹੀਦ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ।
ਕਿਸਾਨੀ-ਧਰਨਿਆਂ 'ਚ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੀ ਦੀ ਜ਼ਿੰਦਗੀ ਅਤੇ ਕੁਰਬਾਨੀ 'ਤੇ ਚਾਣਨਾ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ-ਅੰਦੋਲਨ ਦੇ ਦੌਰਾਨ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਹੋਰ ਵੀ ਵਧ ਗਈ ਹੈ। ਭਗਤ ਸਿੰਘ ਨੇ ਕਿਹਾ ਸੀ ਸਾਡੀ ਲੜਾਈ ਸਿਰਫ ਅੰਗਰੇਜ਼ਾਂ ਨੂੰ ਬਾਹਰ ਕੱਢਣ ਤੱਕ ਹੀ ਸੀਮਤ ਨਹੀਂ। ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ।
3 ਕਾਲੇ ਖੇਤੀ ਕਾਨੂੰਨ ਇਸ ਲੁੱਟ ਨੂੰ ਤੇਜ਼ ਕਰਨ ਦਾ ਜ਼ਰੀਆ ਬਣਨਗੇ। ਇਸ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਭਗਤ ਸਿੰਘ ਦੇ ਵਿਚਾਰਾਂ ਨੂੰ ਲਾਗੂ ਕਰਨਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਨੂੰ ਮਿਲੇ ਦੇਸ਼-ਵਿਆਪੀ ਬੇਮਿਸਾਲ ਹੁੰਗਾਰੇ ਨੇ ਅੰਦੋਲਨਕਾਰੀਆਂ ਦੇ ਹੌਸਲੇ ਸੱਤ-ਅਸਮਾਨੀ ਚਾੜ੍ਹ ਦਿੱਤੇ ਹਨ। ਭਾਰਤ-ਬੰਦ ਦੀ ਵਿਆਪਕਤਾ ਅਤੇ ਸ਼ਮੂਲੀਅਤ ਨੇ ਅੰਦੋਲਨ ਦੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਕਿਸਾਨਾਂ ਨੇ ਸਿਰਫ ਪੰਜਾਬ, ਹਰਿਆਣਾ ਅਤੇ ਕੁਝ ਕੁ ਕਿਸਾਨਾਂ ਦਾ ਅੰਦੋਲਨ ਕਹਿਣ ਵਾਲਿਆਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ। ਹੁਣ ਕੇਂਦਰ ਸਰਕਾਰ ਨੂੰ ਵੀ ਕੰਨ ਹੋ ਜਾਣੇ ਚਾਹੀਦੇ ਹਨ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਕਿਸਾਨ ਵਾਪਸ ਨਹੀਂ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਬੁਲੰਦ ਹੌਸਲਿਆਂ ਦੀ ਊਰਜਾ ਨਾਲ ਅਸੀਂ ਅੰਦੋਲਨ ਨੂੰ ਹੋਰ ਮਜ਼ਬੂਤ ਕਰਾਂਗੇ।
ਅੱਜ ਜਨਮ ਦਿਵਸ ਮੌਕੇ ਸਿਰਮੌਰ ਸ਼ਹੀਦ ਭਗਤ ਸਿੰਘ ਨੂੰ ਭਾਵਪੂਰਤ ਸਿਜਦਾ ਕੀਤਾ ਗਿਆ। ਬੁਲਾਰਿਆਂ ਨੇ ਸ਼ਹੀਦ ਦੀ ਜਿੰਦਗੀ ਤੇ ਕੁਰਬਾਨੀ 'ਤੇ ਚਾਣਨਾ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੇ ਦੌਰਾਨ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਹੋਰ ਵੀ ਵਧ ਗਈ ਹੈ। ਭਗਤ ਸਿੰਘ ਨੇ ਕਿਹਾ ਸੀ ਸਾਡੀ ਲੜਾਈ ਸਿਰਫ ਅੰਗਰੇਜ਼ਾਂ ਨੂੰ ਬਾਹਰ ਕੱਢਣ ਤੱਕ ਹੀ ਸੀਮਤ ਨਹੀਂ। ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ। ਤਿੰਨ ਕਾਲੇ ਖੇਤੀ ਕਾਨੂੰਨ ਇਸ ਲੁੱਟ ਨੂੰ ਤੇਜ ਕਰਨ ਦਾ ਜਰੀਆ ਬਣਨਗੇ। ਇਸ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਭਗਤ ਸਿੰਘ ਦੇ ਵਿਚਾਰਾਂ ਨੂੰ ਲਾਗੂ ਕਰਨਾ ਹੈ।