3 ਦਿਨ ਹੋਈ ਭਾਰੀ ਬਾਰਿਸ਼ ਨੇ ਨੀਵੀਆਂ ਥਾਵਾਂ 'ਚ ਡੋਬੇ ਕਿਸਾਨਾਂ ਦੇ ਆਲੂ ,ਕਣਕ,ਮਟਰ, ਗੋਭੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ ,11 ਜਨਵਰੀ 2022- ਪਿਛਲੇ 3 ਦਿਨ ਪਈ ਭਾਰੀ ਬਾਰਿਸ਼ ਨੇ ਨੀਵੀਆਂ ਜਮੀਨਾਂ 'ਚ ਕਿਸਾਨਾਂ ਦੇ ਬੀਜੇ ਆਲੂ ,ਮਟਰ, ਟਮਾਟਰ , ਗੋਭੀ ਆਦਿ ਹੋਰ ਸਬਜ਼ੀਆਂ ਨੂੰ ਜਿਆਦਾ ਪਾਣੀ ਭਰ ਜਾਣ ਨਾਲ ਡੋਬਿਆ ਹੋਇਆ ਹੈ ਜਿਸ ਕਾਰਨ ਫਸਲਾਂ ਦੇ ਹੋ ਰਹੇ ਨੁਕਸਾਨ ਕਾਰਨ ਕੁਦਰਤ ਅੱਗੇ ਬੇਵੱਸ ਹੋਏ ਕਿਸਾਨ ਬਹੁਤ ਚਿੰਤਾ 'ਚ ਦਿਨ ਗੁਜਾਰ ਰਹੇ ਹਨ । ਪਿੰਡ ਹਰਨਾਮਪੁਰ ,ਹੈਬਤਪੁਰ , ਜੈਨਪੁਰ , ਸ਼ਿਕਾਰਪੁਰ , ਖੋਖਰ ਜਦੀਦ , ਮਸੀਤਾਂ , ਨਸੀਰੇਵਾਲ , ਸਾਬੂਵਾਲ , ਦਰੀਏਵਾਲ , ਦਬੂਲੀਆਂ , ਗੋਪੀਪੁਰ , ਖਾਲੂ ਆਦਿ ਪਿੰਡਾਂ ਦਾ ਦੌਰਾ ਕਰਨ ਤੇ ਜਗ ਬਾਣੀ ਪ੍ਰਤੀਨਿਧੀ ਨੇ ਦੇਖਿਆ ਕਿ ਕੁਝ ਕਿਸਾਨਾਂ ਨੇ ਆਪਣੇ ਖੇਤਾਂ 'ਚ ਖਾਲੀਆਂ ਪੁੱਟ ਪੁੱਟ ਕੇ ਉੱਚੇ ਖੇਤਾਂ ਦਾ ਪਾਣੀ ਆਪਣੇ ਹੀ ਨੀਵੇਂ ਖੇਤ 'ਚ ਭਰ ਦਿੱਤਾ ਹੈ ਤਾਂ ਜੋ ਆਪਣੇ ਉੱਚੇ ਖੇਤਾਂ ਨੂੰ ਬਚਾਇਆ ਜਾ ਸਕੇ । ਕੁਝ ਕਿਸਾਨਾਂ ਵੱਲੋਂ ਆਪਣੇ ਡੂੰਘੇ ਬੋਰਾਂ 'ਚ ਦੂਰੋ ਦੂਰੋ ਖਾਲੀ ਪੁੱਟ ਕੇ ਪਾਣੀ ਪਾਇਆ ਜਾ ਰਿਹਾ ਹੈ ਤਾਂ ਜੋ ਕਣਕ ਤੇ ਆਲੂ ਆਦਿ ਫਸਲਾਂ ਨੂੰ ਬਚਾਇਆ ਜਾ ਸਕੇ । ਇਸਤੋਂ ਇਲਾਵਾ ਕੁਝ ਕਿਸਾਨਾਂ ਵੱਲੋਂ ਆਪਣੇ ਸੜਕਾਂ ਕਿਨਾਰੇ ਖੇਤਾਂ 'ਚ ਇੱਕ ਪਾਸੇ ਕਿਰਾਏ ਤੇ ਮਹਿੰਗੇ ਰੇਟ ਤੇ ਜੇ.ਸੀ.ਬੀ.ਮਸ਼ੀਨ ਲਿਆ ਕੇ ਡੂੰਘੇ ਖੂਹ ਪੁਟਵਾ ਕੇ ਬਾਰਿਸ਼ ਦਾ ਪਾਣੀ ਵਿਚ ਪਾਇਆ ਜਾ ਰਿਹਾ ਹੈ ਤੇ ਫਸਲਾਂ ਬਚਾਉਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਹੈ ।
ਪਿੰਡਾਂ ਦੇ ਕਿਸਾਨਾਂ ਵੱਲੋਂ ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਦੀ ਵੀ ਨਿੰਦਾ ਕੀਤੀ ਜਾ ਰਹੀ ਹੈ ਜੋ ਦਫਤਰਾਂ 'ਚ ਬੈਠ ਕੇ ਇਹ ਬਿਆਨ ਦੇ ਰਹੇ ਹਨ ਕਿ ਮੀਂਹ ਫਸਲਾਂ ਲ਼ਈ ਬਹੁਤ ਲਾਹੇਵੰਦ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੁਦਰਤ ਦੀ ਮਾਰ ਕਾਰਨ ਭਾਰੀ ਬਾਰਿਸ਼ ਹੋਣ ਤੇ ਵਖਤ 'ਚ ਪਏ ਹੋਏ ਹਾਂ । ਕੁਝ ਕਿਸਾਨਾਂ ਦੱਸਿਆ ਕਿ ਲਗਾਤਾਰ ਦੋ ਤਿੰਨ ਦਿਨ ਖੇਤਾਂ 'ਚ ਦੂਜੇ ਦੇ ਖੇਤਾਂ ਦਾ ਟੁੱਟ ਰਿਹਾ ਪਾਣੀ ਬੰਨਣ ਲਈ ਅਤੇ ਆਪਣੇ ਖੇਤਾਂ 'ਚੋਂ ਪਾਣੀ ਕੱਢਣ ਲੲੀ ਬਰਫੀਲੇ ਪਾਣੀ 'ਚ ਫਿਰ ਰਹੇ ਹਨ,ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਚੁੱਕੀ ਹੈ , ਬਹੁਤ ਸਾਰੇ ਕਿਸਾਨ ਸਰਦੀ , ਜੁਕਾਮ ਤੇ ਬੁਖਾਰ ਨਾਲ ਖੇਤਾਂ 'ਚ ਠੰਢੇ ਪਾਣੀ 'ਚ ਕੰਮ ਕਰਦਿਆਂ ਪੀੜਤ ਹੋ ਚੁੱਕੇ ਹਨ ਪਰ ਫਿਰ ਵੀ ਆਪਣੀ ਪੁੱਤਾਂ ਵਾਂਗ ਬੜੀ ਮਿਹਨਤ ਨਾਲ ਪਾਲੀ ਫਸਲ ਨੂੰ ਬਚਾਉਣ ਲਈ ਯਤਨਸ਼ੀਲ ਹਨ । ਅੱਜ ਕਿਸਾਨਾਂ ਸੁਖਵਿੰਦਰ ਸਿੰਘ , ਨਿਰਮਲ ਸਿੰਘ , ਰਣਯੋਧ ਸਿੰਘ , ਸੰਦੀਪ ਸਿੰਘ , ਬਖਸ਼ੀਸ਼ ਸਿੰਘ ਹੈਬਤਪੁਰ, ਗੁਰਪ੍ਰੀਤ ਸਿੰਘ , ਮਲਕੀਤ ਸਿੰਘ , ਸਕੱਤਰ ਸਿੰਘ , ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਇਸ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ , ਉਨ੍ਹਾਂ ਕਿਹਾ ਕਿ ਅਗਰ ਹੋਰ ਮੀਂਹ ਪੈ ਗਿਆ ਤਾਂ ਫਸਲਾਂ ਦਾ ਬਚਣਾ ਮੁਸ਼ਕਿਲ ਹੋਵੇਗਾ ।
ਬੇਮੌਸਮੀ ਪਏ ਮੀਂਹ ਨੇ ਕਣਕ ਦੀ ਫਸਲ ਪਾਣੀ ਚ ਡੋਬ ਦਿੱਤੀ ਹੈ, ਜਿਸ ਕਾਰਨ ਕਈ ਨੀਵੀਆਂ ਥਾਵਾਂ ਤੇ ਕਣਕ ਪੀਲੀ ਹੋਣੀ ਸ਼ੁਰੂ ਹੋ ਗਈ ਹੈ । ਲਗਾਤਾਰ ਰਿਜ ਰਿਜ ਕੇ 3 ਦਿਨ ਪਿਆ ਮੀਂਹ ਸਾਰੇ ਰਿਕਾਰਡ ਤੋੜ ਗਿਆ ਤੇ ਮੀਂਹ ਨਾਲ ਜਿੱਥੇ ਸਮੁੱਚਾ ਜਨ ਜੀਵਨ ਪ੍ਰਭਾਵਿਤ ਰਿਹਾ , ਉੱਥੇ ਕਿਸਾਨਾਂ ਨੂੰ ਆਪਣੀਆਂ ਫਸਲਾਂ 'ਚ ਭਰੇ ਜਿਆਦਾ ਪਾਣੀ ਨੂੰ ਕੱਢਣ ਦੀ ਚਿੰਤਾ ਸਤਾ ਰਹੀ ਹੈ । ਤਰਲੋਕ ਸਿੰਘ ਆੜਤੀ ਨੇ ਦੱਸਿਆ ਕਿ ਕਿਸਾਨਾਂ ਇੱਕ ਇੱਕ ਪਾਣੀ ਦੇਣ ਤੋਂ ਬਾਅਦ ਦੋ ਵਾਰ ਯੂਰੀਆ ਖਾਦ ਵੀ ਪਾ ਦਿੱਤੀ ਸੀ ਪਰ ਹੁਣ ਕਣਕ ਦੀ ਫਸਲ 'ਚ ਬਾਰਿਸ਼ ਦੇ ਇਕੱਠੇ ਹੋਏ ਪਾਣੀ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ । ਇਸੇ ਤਰ੍ਹਾਂ ਆਲੂ ਉਤਪਾਦਕ ਕਿਸਾਨਾਂ ਸੁਖਦੇਵ ਸਿੰਘ , ਕੇਵਲ ਸਿੰਘ ਨੇ ਦੱਸਿਆ ਕਿ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਪਿੰਡ ਡੱਲਾ ਤੇ ਫੱਤੂਵਾਲ ਦਾ ਦੌਰਾ ਕਰਨ ਤੇ ਦੇਖਿਆ ਕਿ ਕਿਸਾਨਾਂ ਵੱਲੋਂ ਖੇਤਾਂ 'ਚ ਭਰੇ ਬਾਰਿਸ਼ ਦੇ ਪਾਣੀ ਨੂੰ ਕੱਢਣ ਲਈ ਉਪਰਾਲੇ ਕਰ ਰਹੇ ਹਨ ਪਰ ਹਾਲੇ ਪਾਣੀ ਬਹੁਤ ਜਿਆਦਾ ਹੋਣ ਕਾਰਨ ਕੋਈ ਪੇਸ਼ ਨਹੀਂ ਜਾ ਰਹੀ ।