ਮਹਿੰਗੇ ਭਾਅ ’ਤੇ ਬੀਜ ਵੇਚ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ 5 ਮਈ 2022- ਕਿਸਾਨਾਂ ਨੂੰ ਮਹਿੰਗੇ ਭਾਅ ’ਤੇ ਬੀਜ ਵੇਚ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਅਤੇ ਵੇਚੇ ਗਏ ਬੀਜਾਂ ਦੇ ਬਿੱਲ ਕਿਸਾਨਾਂ ਨੂੰ ਨਾ ਦਿੱਤੇ ਜਾਣ ਦੀ ਸ਼ਿਕਾਇਤ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕੌੜਾ ਅਤੇ ਸਾਥੀਆਂ ਵੱਲੋਂ ਬੁੱਧਵਾਰ ਨੂੰ ਸੁਲਤਾਨਪੁਰ ਲੋਧੀ ਹਲਕੇ ਦੇ ਬਲਾਕ ਖੇਤੀਬਾੜੀ ਅਫਸਰ ਨੂੰ ਕੀਤੀ ਗਈ। ਸ਼ਿਕਾਇਤ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਸਾਰੇ ਬੀਜ ਸਟੋਰਾਂ ਦੀ ਜਾਂਚ ਕੀਤੀ ਜਾਵੇ, ਜੋ ਕਿ ਆਮ ਨਾਲੋਂ ਕਿਤੇ ਵੱਧ ਰੇਟ ਤੇ ਬੀਜ ਵੇਚ ਰਹੇ ਹਨ। ਕਿਸੇ ਵੀ ਬੀਜ ਸਟੋਰ ਦੇ ਬਾਹਰ ਰੇਟ ਲਿਸਟ ਦਾ ਕੋਈ ਨੋਟਿਸ ਬੋਰਡ ਜਾਂ ਕੋਈ ਬੀਜ ਬਿੱਲ ਦਾ ਵੇਰਵਾ ਨਹੀਂ ਲੱਗਿਆ ਹੋਇਆ। ਸਾਰੇ ਬੀਜ ਸਟੋਰਾਂ ਵਲੋਂ ਕੋਈ ਬੀਜ ਵਿਕਰੀ ਬਿੱਲ ਕਦੇ ਵੀ ਜਾਰੀ ਨਹੀਂ ਕੀਤਾ ਜਾਂਦਾ।
ਜੇਕਰ ਕੋਈ ਕਿਸਾਨ ਬਿੱਲ ਮੰਗਦਾ ਹੈ ਤਾਂ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ। ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਸਾਨੂੰ ਨਿੱਜੀ ਤੌਰ 'ਤੇ ਵੱਖ-ਵੱਖ ਬੀਜ ਸਟੋਰਾਂ 'ਤੇ ਬੀਜਾਂ ਦੇ ਰੇਟਾਂ ਬਾਰੇ ਪਤਾ ਲੱਗਾ ਹੈ ਜੋ ਬਹੁਤ ਹੀ ਮਹਿੰਗੇ ਭਾਅ ਵੇਚੇ ਜਾਂਦੇ ਹਨ। ਜਿਸ ਦੇ ਸਬੂਤ ਵਜੋਂ ਸਾਡੇ ਕੋਲ ਬੀਜ ਦੁਕਾਨਦਾਰਾਂ ਦੇ ਆਡੀਓ ਅਤੇ ਵੀਡੀਓ ਕਲਿੱਪ ਵੀ ਹਨ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਬੀਜ ਸਟੋਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਬੀਜ ਵੇਚਣ ਵਾਲਿਆਂ ਵਲੋਂ ਆਮ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਬੀਜ ਵਿਕਰੇਤਾਵਾਂ ਨੂੰ ਇਹ ਵੀ ਹਦਾਇਤ ਕੀਤੀ ਜਾਵੇ ਕਿ ਉਹ ਬੀਜ ਖਰੀਦਣ ਵਾਲੇ ਹਰ ਇੱਕ ਕਿਸਾਨ ਨੂੰ ਬੀਜ ਦੀ ਖਰੀਦ ਦਾ ਬਿੱਲ ਦੇਣ ਅਤੇ ਇਸ ਨੂੰ ਖੇਤੀਬਾੜੀ ਦਫ਼ਤਰ ਵੱਲੋਂ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਜਸਪਾਲ ਸਿੰਘ ਬੂਲੇਵਾਲ ਸਕੱਤਰ ਜਨਰਲ ਜ਼ਿਲ੍ਹਾ ਕਪੂਰਥਲਾ ਕਿਸਾਨ ਵਿੰਗ, ਕਰਮਜੀਤ ਸਿੰਘ ਫੱਤੋਵਾਲ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਵਰਿੰਦਰਜੀਤ ਸਿੰਘ ਬਾਊ, ਸੰਦੀਪ ਸ਼ਰਮਾ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਰਮਨ ਜੈਨ ਆਦਿ ਹਾਜ਼ਰ ਸਨ।