ਆਈਕੇਜੀ ਪੀਟੀਯੂ ਦੇ ਦੋ ਅਕਾਦਮਿਕ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਮੱਲਾਂ
- ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀ ਰਿਤਿਕ ਨੇ ਸਟਾਰਟਅਪ ਥ੍ਰਾਈਵ ਈਵੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ 11,000 ਇਨਾਮ ਪ੍ਰਾਪਤ ਕੀਤਾ
- ਸਿਵਲ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀ ਸ਼ੁਭਮ ਨੇ ਗੇਟ ਪ੍ਰੀਖਿਆ ਪਾਸ ਕੀਤੀ
ਜਲੰਧਰ/ਕਪੂਰਥਲਾ, 19 ਮਾਰਚ 2024 - ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ( ਆਈ.ਕੇ.ਜੀ ਪੀ.ਟੀ.ਯੂ )ਦੇ ਦੋ ਵੱਖ-ਵੱਖ ਅਕਾਦਮਿਕ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਗਈਆਂ ਹਨ! ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਅਤੇ ਰਜਿਸਟਰਾਰ ਡਾ. ਐਸ.ਕੇ.ਮਿਸ਼ਰਾ ਵੱਲੋਂ ਸਬੰਧਤ ਅਕਾਦਮਿਕ ਵਿਭਾਗਾਂ ਅਤੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਹੈ ।
ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਰਿਤਿਕ ਨੇ ਸਟਾਰਟਅਪ ਥ੍ਰਾਈਵ ਈਵੈਂਟ ਵਿੱਚ ਤੀਜਾ ਸਥਾਨ ਹਾਸਿਲ ਕਰਕੇ 11,000/- ਰੁਪਏ ਦਾ ਨਕਦ ਇਨਾਮ ਜਿੱਤਿਆ ਹੈ। ਇਹ ਸਮਾਗਮ 14-15 ਮਾਰਚ, 2024 ਨੂੰ ਚੰਡੀਗੜ੍ਹ ਗਰੁੱਪ ਆਫ਼ ਇੰਜੀਨੀਅਰਿੰਗ ਲਾਂਡਰਾਂ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਹ ਇਵੇੰਟ ਰਾਸ਼ਟਰ ਪੱਧਰੀ ਸੀ ਤੇ ਏ.ਆਈ.ਐਮ, ਨੀਤੀ ਅਯੋਗ (ਭਾਰਤ ਸਰਕਾਰ) ਦੇ ਸਹਿਯੋਗ ਨਾਲ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ ਵੱਲੋਂ ਆਯੋਜਿਤ ਕੀਤਾ ਗਿਆ ਸੀ। ਵਿਦਿਆਰਥੀ ਰਿਤਿਕ ਦੀ ਸਫਲਤਾ ਨਾ ਸਿਰਫ਼ ਉਸ ਦੇ ਨਿੱਜੀ ਸਮਰਪਣ ਅਤੇ ਨਵੀਨਤਾਕਾਰੀ ਭਾਵਨਾ ਨੂੰ ਦਰਸਾਉਂਦੀ ਹੈ, ਸਗੋਂ ਯੂਨੀਵਰਸਿਟੀ ਕਮਿਊਨਿਟੀ ਦੇ ਅੰਦਰ ਜੀਵੰਤ ਉੱਦਮੀ ਵਾਤਾਵਰਣ ਪ੍ਰਣਾਲੀ ਦੀ ਉਦਾਹਰਣ ਵਜੋਂ ਵੀ ਕੰਮ ਕਰਦੀ ਹੈ।
ਵਿਦਿਆਰਥੀ ਸ਼ੁਭਮ ਕੁਮਾਰ, ਬੀ.ਟੈਕ ਸਿਵਲ ਇੰਜੀਨੀਅਰਿੰਗ, 8ਵੇਂ ਸੇਮਸਟਰ, ਮੁਖ ਕੈਂਪਸ ਨੇ ਆਲ ਇੰਡੀਆ ਪੱਧਰ ਦੀ ਗੇਟ ਪ੍ਰੀਖਿਆ ਪਾਸ ਕੀਤੀ ਹੈ। ਇਸ ਵਿਦਿਆਰਥੀ ਨੂੰ ਬਿਲਡ ਇੰਡੀਆ ਸਕਾਲਰਸ਼ਿਪ 2024 ਟੈਸਟ ਲਈ ਵੀ ਸ਼ਾਰਟਲਿਸਟ ਕੀਤਾ ਗਿਆ ਹੈ। 2020 ਤੋਂ, ਯੂਨੀਵਰਸਿਟੀ ਦਾ ਸਿਵਲ ਇੰਜੀਨੀਅਰਿੰਗ ਵਿਭਾਗ ਬਿਹਤਰ ਕੰਮ ਕਰ ਰਿਹਾ ਹੈ ਤੇ ਇਸਦੇ ਵਿਦਿਆਰਥੀ ਲਗਾਤਾਰ ਮੱਲਾਂ ਮਾਰ ਰਹੇ ਹਨ!