ਪਰਚੀ ਨਿਕਲਣ ਦੇ ਬਾਵਜੂਦ ਵੀ ਬਟਾਲਾ ਵਿੱਚੋਂ ਨਹੀਂ ਉੱਠਿਆ ਕੋਈ ਵੀ ਸ਼ਰਾਬ ਕਾਰੋਬਾਰੀ
ਹੁਣ ਈ ਟੈਂਡਰਿੰਗ ਰਾਹੀਂ ਹੋਣਗੇ ਠੇਕੇ ਅਲਾਟ
ਰੋਹਿਤ ਗੁਪਤਾ
ਗੁਰਦਾਸਪੁਰ, 29 ਮਾਰਚ 2024 : ਐਕਸਾਈਜ਼ ਵਿਭਾਗ ਵੱਲੋਂ 2024- 25 ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਨੂੰ ਲੈ ਕੇ ਗੁਰਦਾਸਪੁਰ ਦੇ ਸਨ ਸਿਟੀ ਗਾਰਡਨ ਦੇ ਵਿੱਚ ਪਰਚੀ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ । ਇਸ ਦੌਰਾਨ ਜਿਲਾ ਗੁਰਦਾਸਪੁਰ ਦੇ ਸਾਰੇ ਠੇਕੇ ਤਾਂ ਅਲਾਟ ਕਰ ਦਿੱਤੇ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਟਾਲਾ 1 ਅਤੇ ਬਟਾਲਾ 2 ਗਰੁੱਪ ਦੀਆਂ ਪਰਚੀਆਂ ਕੱਢੀਆਂ ਗਈਆਂ ਤਾਂ ਬਟਾਲਾ ਦਾ ਇਹਨਾਂ ਠੇਕੇਦਾਰਾਂ ਨੇ ਠੇਕੇ ਲੈਣ ਵਿੱਚ ਦਿਲਚਸਪੀ ਨਹੀਂ ਦਿਖਾਈ। ਜਿਸ ਤੋਂ ਇਹ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਟਾਲਾ ਦੇ ਠੇਕੇਦਾਰਾਂ ਨੂੰ ਠੇਕਿਆਂ ਵਿੱਚ ਘਾਟਾ ਨਜ਼ਰ ਆ ਰਿਹਾ ਹੈ। ਹੁਣ ਇਸ ਇਲਾਕੇ ਵਿੱਚ ਈ ਟੈਂਡਰਿੰਗ ਦੇ ਰਾਹੀਂ ਹੀ ਸ਼ਰਾਬ ਦੇ ਠੇਕੇ ਦਿੱਤੇ ਜਾਣਗੇ। ਦੱਸਣ ਯੋਗ ਗੱਲ ਇਹ ਵੀ ਹੈ ਕਿ ਗੁਰਦਾਸਪੁਰ ਦੇ ਵਿੱਚ ਵੀ ਲੋਕਾਂ ਵੱਲੋਂ ਛੇ ਪਰਚੀਆਂ ਹੀ ਪਾਈਆਂ ਗਈਆਂ ਸਨ। ਜਦਕਿ ਛੋਟੇ ਸ਼ਹਿਰਾਂ ਦੀਨਾ ਨਗਰ ਅਤੇ ਧਾਰੀਵਾਲ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੇ ਵੱਧ ਤੋਂ ਵੱਧ ਦਿਲਚਸਪੀ ਦਿਖਾਈ ਹੈ।ਇਹ ਵੀ ਦੱਸਣਾ ਬਣਦਾ ਹੈ ਕਿ ਐਕਸਾਈਜ਼ ਵਿਭਾਗ ਬਣਾਏ ਗਏ 14 ਗਰੁੱਪਾਂ ਵਿੱਚੋਂ ਚਾਰ ਗਰੁੱਪ ਹਾਲੇ ਵੀ ਖਾਲੀ ਹਨ ਜਿਨਾਂ ਵਿੱਚੋਂ ਜੁਗਿਆਲ ਤਾਰਾਗੜ੍ਹ ਫਤਿਹਗੜ੍ਹ ਚੂੜੀਆਂ ਅਤੇ ਹੁਣ ਬਟਾਲਾ ਵੀ ਸ਼ਾਮਿਲ ਹੋ ਗਿਆ ਹੈ।
ਜਦੋਂ ਇਸ ਬਾਰੇ ਬਟਾਲਾ ਦੇ ਸ਼ਰਾਬ ਕਾਰੋਬਾਰੀ ਗੁਰਪ੍ਰੀਤ ਸਿੰਘ ਗੋਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਟਾਲਾ ਦੇ ਠੇਕੇਦਾਰਾਂ ਨੂੰ ਪਿਛਲੇ ਸਾਲ ਕਾਫੀ ਘਾਟਾ ਝਲਣਾ ਪਿਆ ਹੈ ਜਦ ਕਿ ਨਵੀਂ ਸ਼ਰਾਬ ਪੋਲਸੀ ਵਿੱਚ ਇਸ ਵਾਰ ਪੰਜਾਬ ਸਰਕਾਰ ਵੱਲੋਂ ਰੈਵਨਿਊ ਹੋਰ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਸ਼ਰਾਬ ਕਾਰੋਬਾਰੀ ਹੋਰ ਨੁਕਸਾਨ ਝਲਣ ਦੇ ਮੂੜ ਵਿੱਚ ਨਹੀਂ ਹਨ।