← ਪਿਛੇ ਪਰਤੋ
ਐਨਐਸਐਸ ਵਲੰਟੀਅਰਾਂ ਨੂੰ ਦਿੱਤੀ ਫਸਟ ਏਡ ਬਾਰੇ ਜਾਣਕਾਰੀ ਅਸ਼ੋਕ ਵਰਮਾ ਬਠਿੰਡਾ,18ਅਪਰੈਲ2024: ਮਾਸਟਰਮਾਈਂਡ ਕਾਲਜ ਆੱਫ ਐਜੂਕੇਸ਼ਨ ਗਹਿਰੀ ਬੁਟਰ ਦੇ ਐਨਐਸਐਸ ਯੂਨਿਟ ਵੱਲੋਂ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਫਸਟ ਏਡ ਦੀ ਜਾਣਕਾਰੀ ਦੇਣ ਲਈ ਕਾਲਜ ਕੈਂਪਸ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਰੈਡ ਕਰਾਸ ਸੁਸਾਇਟੀ ਬਠਿੰਡਾ ਤੋਂ ਪਹੁੰਚੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਅਤੇ ਟੀਮ ਮੈਂਬਰ ਸੰਦੀਪ ਸ਼ਰਮਾ ਨੇ ਵਲੰਟੀਅਰਾਂ ਨੂੰ ਫਸਟ ਏਡ ਦੀ ਮਹੱਤਤਾ, ਦਿਲ ਦੇ ਦੌਰਿਆਂ ਵਿੱਚ ਦਿੱਤੀ ਜਾਣ ਵਾਲੀ ਸੀਪੀਆਰ ਅਤੇ ਸਿਹਤ ਸੰਭਾਲ ਦੀ ਸਿਖਲਾਈ ਦਿੱਤੀ। ਉਹਨਾਂ ਕਿਹਾ ਕਿ ਹਾਦਸਿਆਂ ਦੌਰਾਨ ਮਨੁੱਖੀ ਜਾਨਾਂ ਬਚਾਉਣ ਵਿੱਚ ਸਮੇਂ ਸਿਰ ਦਿੱਤੀ ਫਸਟ ਏਡ ਮੱਦਦਗਾਰ ਸਾਬਿਤ ਹੁੰਦੀ ਹੈ। ਹਰੇਕ ਨਾਗਰਿਕ ਨੂੰ ਇਹ ਸਿਖਲਾਈ ਲੈਣੀ ਚਾਹੀਦੀ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਕਾਲਜ ਦੀ ਪ੍ਰਿੰਸੀਪਲ ਡਾ.ਸਤਿੰਦਰ ਕੌਰ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਨਐਸਐਸ ਵਲੰਟੀਅਰਾਂ ਲਈ ਇਹ ਸਿੱਖਿਆ ਲਾਹੇਵੰਦ ਹੋਵੇਗੀ। ਉਹਨਾਂ ਰੈਡ ਕਰਾਸ ਸੁਸਾਇਟੀ ਵੱਲੋਂ ਪਹੁੰਚੀ ਟੀਮ ਦਾ ਧੰਨਵਾਦ ਵੀ ਕੀਤਾ। ਐਨਐਸਐਸ ਪ੍ਰੋਗਰਾਮ ਆਫੀਸਰ ਪਰਮਿੰਦਰ ਨੇ ਵਲੰਟੀਅਰਜ਼ ਨੂੰ ਅਪੀਲ ਕੀਤੀ ਕਿ ਉਹ ਇਹ ਜਾਣਕਾਰੀ ਅੱਗੇ ਆਪਣੇ ਪਰਿਵਾਰਾਂ ਅਤੇ ਪਿੰਡ ਵਾਸੀਆਂ ਤਕ ਵੀ ਪਹੁੰਚਾਉਣ। ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਰੈਡ ਕਰਾਸ ਦੀ ਸਹਿਯੋਗੀ ਸੰਸਥਾ ਸੇਂਟ ਜਾੱਨ ਐਂਬੂਲੈਂਸ ਵੱਲੋਂ ਸਕੂਲਾਂ- ਕਾਲਜਾਂ ਦੇ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਫਸਟ ਏਡ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
Total Responses : 961