5ਵਾਂ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2024 ਸਮਾਪਤ
ਚੰਡੀਗੜ੍ਹ: 30 ਅਪ੍ਰੈਲ, 2024 - 25 ਤੋਂ 30 ਅਪ੍ਰੈਲ, 2024 ਤੱਕ ਕਰਵਾਏ ਗਏ ਮਾਰਸ਼ਲ ਆਫ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦਾ 5ਵਾਂ ਐਡੀਸ਼ਨ ਅੱਜ ਇੱਥੇ ਸਮਾਪਤ ਹੋ ਗਿਆ। ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਟੂਰਨਾਮੈਂਟ ਦੀ ਸਮਾਪਤੀ ਦਾ ਐਲਾਨ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਨੇ ਫਾਈਨਲਿਸਟ ਅਤੇ ਇਨਾਮ ਜੇਤੂਆਂ ਦੀ ਸ਼ਲਾਘਾ ਕਰਦਿਆਂ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਦੇ ਖੇਡਣ ਦੇ ਮਿਆਰ ਅਤੇ ਹੁਨਰ ਪੱਧਰ ਦੀ ਸ਼ਲਾਘਾ ਕੀਤੀ।
ਇਸ ਟੂਰਨਾਮੈਂਟ ਵਿੱਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਏਅਰਫੋਰਸ ਸਮੇਤ ਕੁੱਲ 12 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਵਿੱਚ ਭਾਰਤੀ ਸੈਨਾ, ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ, ਸੀਆਈਐਸਐਫ, ਪੰਜਾਬ ਪੁਲੀਸ, ਪੰਜਾਬ ਐਂਡ ਸਿੰਧ ਬੈਂਕ, ਭਾਰਤੀ ਰੇਲਵੇ, ਆਰਸੀਐਫ ਕਪੂਰਥਲਾ, ਚੰਡੀਗੜ੍ਹ ਇਲੈਵਨ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਟੀਮਾਂ ਨੇ ਭਾਗ ਲਿਆ।
ਫਾਈਨਲ ਮੈਚ ਪੰਜਾਬ ਐਂਡ ਸਿੰਧ ਬੈਂਕ ਅਤੇ ਭਾਰਤੀ ਹਵਾਈ ਸੈਨਾ ਵਿਚਕਾਰ ਖੇਡਿਆ ਗਿਆ। ਪੈਨਲਟੀ ਸ਼ੂਟਆਊਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਭਾਰਤੀ ਹਵਾਈ ਸੈਨਾ ਨੂੰ 12-11 ਗੋਲਾਂ ਨਾਲ ਹਰਾ ਕੇ ਮੈਚ ਜਿੱਤ ਲਿਆ।
ਭਾਰਤੀ ਹਵਾਈ ਸੈਨਾ ਟੀਮ ਦੇ ਜੇਡਬਲਿਊਓ ਲਵਦੀਪ ਸਿੰਘ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ।
ਪੰਜਾਬ ਐਂਡ ਸਿੰਧ ਬੈਂਕ ਦੇ ਰਜਿੰਦਰ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।
ਮੁੱਖ ਮਹਿਮਾਨ ਨੇ ਹਾਕੀ ਦੇ ਤਜ਼ਰਬੇਕਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਭੇਂਟ ਕੀਤੀਆਂ।
ਸਮਾਗਮ ਦੌਰਾਨ ਹਾਕੀ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਦਰੋਣਾਚਾਰੀਆ ਐਵਾਰਡੀ ਡਾਕਟਰ ਏ ਕੇ ਬਾਂਸਲ ਅਤੇ ਅਰਜੁਨ ਐਵਾਰਡੀ ਪ੍ਰਭਜੋਤ ਸਿੰਘ, ਰਾਜਪਾਲ ਸਿੰਘ ਅਤੇ ਰਾਣੀ ਰਾਮਪਾਲ ਵਰਗੇ ਹਾਕੀ ਦੇ ਉੱਘੇ ਦਿੱਗਜਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਏਅਰ ਕਮੋਡੋਰ ਰਾਜੀਵ ਸ੍ਰੀਵਾਸਤਵ, ਏਓਸੀ 3ਬੀਆਰਡੀ ਅਤੇ ਗਰੁੱਪ ਕੈਪਟਨ ਮਨਪ੍ਰੀਤ ਸਿੰਘ, ਮੁੱਖ ਪ੍ਰਸ਼ਾਸਨ ਅਧਿਕਾਰੀ 3ਬੀਆਰਡੀ ਵੀ ਮੌਜੂਦ ਸਨ।
ਭਾਰਤੀ ਹਵਾਈ ਸੈਨਾ ਦੀ ਏਅਰ ਵਾਰੀਅਰ ਡ੍ਰਿਲ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਭਾਰਤੀ ਹਵਾਈ ਸੈਨਾ ਦੀ ਏਅਰ ਡੇਵਿਲ ਟੀਮ ਦੁਆਰਾ ਮਨਮੋਹਕ ਪੈਰਾ ਜੰਪ ਸ਼ੋਅ ਨੇ ਹਾਜ਼ਰ ਦਰਸ਼ਕਾਂ ਅਤੇ ਟੀਮਾਂ ਦਾ ਮਨ ਮੋਹ ਲਿਆ।