ਕਿਸਾਨ ਆਗੂ ਬਾਗੜੀਆਂ ਨੂੰ ਝੂੱਠੇ ਪਰਚੇ ਵਿਚ ਫਸਾਉਣ ਦੀ ਨਿਖੇਧੀ - ਭੋਜਰਾਜ,ਖਹਿਰਾ
ਰੋਹਿਤ ਗੁਪਤਾ
ਗੁਰਦਾਸਪੁਰ 25 ਅਪ੍ਰੈਲ 2024 : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਅਤੇ ਸੁਖਜੀਤ ਸਿੰਘ ਖਹਿਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 16 ਅਪ੍ਰੈਲ ਨੂੰ ਪਿੰਡ ਬਾਗੜੀਆਂ ਵਿਖੇ ਰਾਜਸੀ ਧਿਰ ਨਾਲ ਨਾਲ ਸੰਬੰਧਿਤ ਚੇਅਰਮੈਨ ਚੈਂਚਲ ਸਿੰਘ ਅਤੇ ਸਾਬਕਾ ਸਰਪੰਚ ਮੁਖਤਿਆਰ ਸਿੰਘ ਆਦਿਕ ਦਰਜ਼ਨ ਦੇ ਕਰੀਬ ਲੋਕਾਂ ਨੇ ਸ਼ਰੇਆਮ ਧੱਕਾ ਕਰਦਿਆਂ ਗੁਰਮੀਤ ਸਿੰਘ ਨਾਮੀ ਇੱਕ ਨੌਜਵਾਨ ਨੂੰ ਉਸਦੇ ਪਿੰਡੋਂ ਚੁੱਕ ਕੇ ਆਪਣੇ ਘਰ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ। ਬੁਰੀ ਤਰ੍ਹਾਂ ਜਖਮੀ ਹੋਏ ਅਤੇ ਬੇਹੋਸ਼ ਪਏ ਨੌਜਵਾਨ ਨੂੰ ਪੁਲਿਸ ਮੁਲਾਜ਼ਮਾਂ ਨੇ ਆ ਕੇ ਦੋਸ਼ੀਆਂ ਦੇ ਘਰੋਂ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ। ਪੁਲਿਸ ਨੇ 16 ਅਪ੍ਰੈਲ ਨੂੰ ਹੀ ਦੋਸ਼ੀਆਂ ਵਿਰੁੱਧ 365,342,323,148,149 ਅਤੇ 25/27-54-59 A. ACT ਤਹਿਤ ਪਰਚਾ ਦਰਜ ਕਰ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਫੇਰ ਪੀੜਤ ਧਿਰ ਦੇ ਉੱਤੇ ਸਿਆਸੀ ਦਬਾਅ ਨਾਲ ਝੂਠਾ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਹੈ, ਪੀੜਤ ਨੌਜਵਾਨ ਨੂੰ ਦੋਸ਼ੀਆਂ ਦੇ ਘਰੋਂ ਛਡਵਾਉਣ ਲਈ ਚਾਰਾਜੋਈ ਕਰਨ ਵਾਲੇ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ ਅਤੇ ਉਸਦੇ ਸਹਿਯੋਗੀਆਂ ਉੱਤੇ 452,323,324,427, 148, 149 ਆਈ.ਪੀ.ਸੀ ਤਹਿਤ ਸਰਾ ਸਰ ਝੂਠਾ ਪਰਚਾ 22 ਅਪ੍ਰੈਲ ਨੂੰ ਦਰਜ ਕਰਵਾ ਦਿੱਤਾ ਜਾਂਦਾ ਹੈ। ਜਿਸ ਦੀ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਸਖਤ ਲਫਜ਼ਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਤੇ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਦਾਇਮਾ ਜੀ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ ਉੱਤੇ ਸਿਆਸੀ ਸ਼ਹਿ ਉੱਤੇ ਕੀਤਾ ਗਿਆ ਨਜਾਇਜ਼ ਪਰਚਾ ਰੱਦ ਕਰਕੇ ਸ਼ਰੇਆਮ ਗੁੰਡਾਗਰਦੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜੇਕਰ ਪ੍ਰਸ਼ਾਸਨ ਨੇ ਢਿਲਮੱਠ ਜਾਂ ਕੋਈ ਲਾਪਰਵਾਹੀ ਕੀਤੀ ਤਾਂ ਕਿਸਾਨ ਮੋਰਚੇ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।