ਬਲਵਿੰਦਰ ਸਿੰਘ ਧਾਲੀਵਾਲ
- ਮਿੰਨੀ ਪ੍ਰਸ਼ਾਸ਼ਕੀ ਕੰਪਲੈਕਸ ਬਣਨ ਨਾਲ ਸਾਰੀਆਂ ਦਫਤਰੀ ਸੇਵਾਵਾਂ ਇਕੋ ਛੱਤ ਹੇਠ ਮਿਲਣਗੀਆਂ
ਸੁਲਤਾਨਪੁਰ ਲੋਧੀ, 22 ਨਵੰਬਰ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਸਮਾਗਮਾਂ ਦੌਰਾਨ ਸ਼ਿਰਕਤ ਕਰਨ ਮੌਕੇ 6 ਵੱਖ-ਵੱਖ ਵਿਕਾਸ ਪ੍ਰਾਜਕੈਟਾਂ ਦੀ ਵੀ ਸ਼ੁਰੂਆਤ ਕਰਵਾਈ ਜਾਵੇਗੀ।
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਸਮਾਗਮ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨੇੜੇ ਸਟੇਡੀਅਮ ਦੇ ਸਾਹਮਣੇ ਮੁੱਖ ਪੰਡਾਲ ਵਿਚ ਸਮਾਗਮ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ 28 ਨਵੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ ਅਤੇ 30 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣਗੇ।
ਉਨਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਮੁੱਖ ਸਮਾਗਮ ਵਿਚ ਸ਼ਿਰਕਤ ਕਰਕੇ ਸੰਗਤਾਂ ਦੇ ਸਨਮੁੱਖ ਹੋਣ ਦੇ ਨਾਲ-ਨਾਲ ਗੁਰੂ ਕੀ ਨਗਰੀ ਵਿਖੇ 6 ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਨਾਂ ਵਿਚ ਮੁੱਖ ਤੌਰ 'ਤੇ ਮਿੰਨੀ ਪ੍ਰਸ਼ਾਸ਼ਕੀ ਕੰਪਲੈਕਸ ਤੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਮਿੰਨੀ ਪ੍ਰਸ਼ਾਸ਼ਕੀ ਕੰਪਲੈਕਸ ਬਣਨ ਨਾਲ ਲੋਕਾਂ ਨੂੰ ਸਾਰੇ ਦਫਤਰਾਂ ਨਾਲ ਸਬੰਧਿਤ ਇਕੋ ਛੱਤ ਹੇਠ ਮਿਲਣ ਨਾਲ ਵੱਡੀ ਸਹੂਲਤ ਮਿਲੇਗੀ।
ਇਸ ਤੋਂ ਇਲਾਵਾ ਇਤਿਹਾਸਕ ਕਿਲਾ ਸਰਾਏ ਦੇ ਨਵੀਨੀਕਰਨ ਦੇ ਕੰਮ ਦੀ ਵੀ ਆਰੰਭਤਾ ਕਰਵਾਈ ਜਾਵੇਗੀ, ਜਿਸ ਤਹਿਤ ਕਿਲੇ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਦੇ ਨਾਲ- ਨਾਲ ਇਸਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਵਿਚ ਸਹਾਇਤਾ ਮਿਲੇਗੀ।
ਵਿਧਾਇਕ ਚੀਮਾ ਨੇ ਨਾਲ ਹੀ ਦੱਸਿਆ ਕਿ ਸਰਕਾਰੀ ਸਕੂਲ ਲੜਕੇ ਵਿਖੇ ਰੂਫ ਟਾਪ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਦੇ ਨਾਲ-ਨਾਲ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰਨ ਤੇ ਸਮਾਰਟ ਆਂਗਣਵਾੜੀ ਵਿਕਸਤ ਕਰਨ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ।