ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਕਥਾ ਕੀਰਤਨ ਸਮਾਗਮ ਪਰਸੋਂ : ਚਾਣਕੀਆ
ਦੀਪਕ ਗਰਗ
ਕੋਟਕਪੂਰਾ, 25 ਅਪ੍ਰੈਲ 2024 - ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਲੈਣ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ 15 ਵੈਸਾਖ (27 ਅਪੈ੍ਰਲ) ਨੂੰ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ (ਵੱਡਾ ਗੁਰਦਵਾਰਾ) ਜੈਤੋ ਰੋਡ ਕੋਟਕਪੂਰਾ ਵਿਖੇ ਸ਼ਾਮ 5:45 ਵਜੇ ਕਥਾ ਕੀਰਤਨ ਦਰਬਾਰ ਅਰਥਾਤ ‘ਜੋੜ ਮੇਲਾ’ ਕਰਵਾਇਆ ਜਾ ਰਿਹਾ ਹੈ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਦੱਸਿਆ ਕਿ ਜਥੇਦਾਰ ਬਾਬਾ ਇੰਦਰ ਸਿੰਘ ਸਮੇਤ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਉਕਤ ਸਮਾਗਮ ਵਿੱਚ ਪਵਿੱਤਰ ਦਿਹਾੜੇ ਦੀ ਖੁਸ਼ੀ ਵਿੱਚ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ 15 ਵੈਸਾਖ 27 ਅਪੈ੍ਰਲ ਨੂੰ ਕੋਟਕਪੂਰੇ ਵਿਖੇ ਆਪਣੇ ਪਾਵਨ ਚਰਨ ਇਸ ਨਗਰ ਵਿੱਚ ਪਾਏ ਸਨ। ਉਹਨਾਂ ਦੱਸਿਆ ਕਿ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਵਿਸ਼ੇਸ਼ ਤੌਰ ’ਤੇ ਹਾਜਰੀ ਭਰਨਗੇ। ਇਹਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਸੰਤ ਮਹਾਂਪੁਰਸ਼ ਤੇ ਗੁਰੂ ਘਰ ਦੇ ਕੀਰਤਨੀਏ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨਗੇ।