ਖੇਤੀ ਸੈਕਟਰ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦੇ ਵਿੱਚ ਮੱਚੀ ਹਾਹਾਕਾਰ
- ਔੜ ਕਾਰਨ ਗੰਨੇ,ਮੱਕੀ ਅਤੇ ਹਰੇ ਚਾਰੇ ਦੀ ਫਸਲ ਹੋ ਰਹੀ ਆ ਪ੍ਰਭਾਵਿਤ
ਰੋਹਿਤ ਗੁਪਤਾ
ਗੁਰਦਾਸਪੁਰ, 26 ਅਪ੍ਰੈਲ 2024 - ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਦੌਰਾਨ ਪਿਛਲੇ 2 ਸਾਲਾਂ ਤੋਂ ਜਿੱਥੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਭਲੇ ਹੀ ਦਾਅਵੇ ਕੀਤੇ ਜਾ ਰਹੇ ਹਨ, ਪਰ ਸਰਕਾਰ ਦੇ ਦਾਅਵਿਆਂ ਦੇ ਉਲਟ ਕਿਸਾਨਾਂ ਨੂੰ ਟਿਊਬਵੈਲਾਂ ਲਈ ਬਿਜਲੀ ਸਪਲਾਈ ਨਾ ਮਾਤਰ ਹੀ ਮਿਲਣ ਕਾਰਨ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਵਿੱਚ ਤਰਥੱਲੀ ਮਚੀ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਅਤੇ ਹਲਕੇ ਦੇ ਕਿਸਾਨਾਂ ਨੇ ਦੱਸਿਆ ਕਿ ਹੁਣ ਜਦੋਂ ਦਿਨ ਦਾ ਤਾਪਮਾਨ ਕਾਫੀ ਵੱਧ ਚੁੱਕਿਆ ਹੈ ਤਾਂ ਇਹਨਾਂ ਹਾਲਾਤਾਂ ਵਿੱਚ ਇਸ ਮੌਕੇ ਖੇਤਾਂ ਵਿੱਚ ਪਾਣੀ ਦੀ ਲੋੜ ਹੁੰਦੀ ਹੈ, ਪਰ ਤਿੰਨ ਫੇਸ ਬਿਜ਼ਲੀ ਦੀ ਸਪਲਾਈ ਨਾ ਮਾਤਰ ਮਿਲਣ ਕਾਰਨ ਉਹਨਾਂ ਦੀਆਂ ਫਸਲਾਂ ਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ ਹੈ। ਕਿਉਂਕਿ ਟਿਊਬਲਾਂ ਲਈ ਪਾਵਰ ਕਾਮ ਵੱਲੋਂ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਬੀਜੀ ਹੋਈ ਗੰਨੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸੇ ਤਰ੍ਹਾਂ ਹਰੇ ਚਾਰੇ ਦੀ ਫਸਲ ਜਿਸ ਵਿੱਚ ਬਰਸੀਮ ਅਤੇ ਮੱਕੀ ਆਦਿ ਦੀ ਫਸਲ ਵੀ ਖਰਾਬ ਹੋ ਰਹੀ ਹੈ।
ਉਹਨਾਂ ਨੇ ਕਿਹਾ ਕਿ ਕਈ ਕਿਸਾਨਾਂ ਵੱਲੋਂ ਖੇਤੀ ਵਿਭਿੰਨਤਾ ਦੇ ਵਿੱਚ ਮੱਕੀ ਦੀ ਵੱਡੇ ਪੱਧਰ ਉੱਤੇ ਕਾਸ਼ਤ ਕੀਤੀ ਹੋਈ ਹੈ ਪਰ ਮੱਕੀ ਨੂੰ ਵੀ ਲੋੜੀਂਦਾ ਪਾਣੀ ਨਾ ਮਿਲਣ ਕਰਕੇ ਉਨਾਂ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵੇਲੇ ਪਾਵਰਕਾਮ ਕੋਲ ਦਿਨ ਵੇਲੇ ਕਣਕ ਦੀ ਕਟਾਈ ਅਤੇ ਪੱਕੀ ਹੋਈ ਫਸਲ ਨੂੰ ਬਚਾਉਣ ਦਾ ਬਹਾਨਾ ਹੈ ਪਰ ਰਾਤ ਦੇ ਸਮੇਂ ਵੀ ਕਿਸਾਨਾਂ ਨੂੰ ਟਿਊਬਵੈਲਾਂ ਲਈ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ।
ਕੁਝ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਜਨਰੇਟਰ ਲਗਾ ਕੇ ਆਪਣੇ ਹਰੇ ਚਾਰੇ ਦੀ ਫਸਲ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਗੰਨਾ, ਮੱਕੀ, ਸਬਜੀਆਂ ਅਤੇ ਹੋਰ ਫਸਲਾਂ ਲਈ ਕਿਸਾਨ ਪੰਜਾਬ ਸਰਕਾਰ ਅਤੇ ਪੰਜਾਬ ਪਾਵਰਕਾਮ ਵੱਲੋਂ ਟਿਊਬਵੈਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਉੱਤੇ ਨਿਰਭਰ ਹਨ। ਕਿਉਂਕਿ ਇਹਨਾਂ ਫਸਲਾਂ ਨੂੰ ਵੱਧ ਮਾਤਰਾ ਵਿੱਚ ਪਾਣੀ ਦੀ ਲੋੜ ਹੈ ਪਰ ਹਾਲ ਦੀ ਘੜੀ ਉਹਨਾਂ ਦੀ ਇਹ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਵਰ ਕਾਮ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਰਾਤ ਦੇ ਸਮੇਂ ਬਿਜਲੀ ਸਪਲਾਈ ਦਿੱਤੀ ਜਾਵੇ।
ਉਹਨਾਂ ਨੇ ਕਿਹਾ ਕਿ ਚਾਹੇ ਇਹ ਬਿਜਲੀ ਸਪਲਾਈ ਰਾਤ ਦੇ ਸਮੇਂ ਹੀ ਦਿੱਤੀ ਜਾਵੇ ਪਰ ਇਸ ਬਿਜਲੀ ਸਪਲਾਈ ਨੂੰ ਯਕੀਨੀ ਜਰੂਰ ਬਣਾਇਆ ਜਾਵੇ। ਇਸ ਸਬੰਧੀ ਜਦੋਂ ਪਾਵਰ ਕਾਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੋਈ ਵੀ ਸਪਸ਼ਟ ਉੱਤਰ ਨਹੀਂ ਦਿੱਤਾ ਹਮੇਸ਼ਾ ਦੀ ਤਰ੍ਹਾਂ ਘੜਿਆ ਘੜਾਇਆ ਉੱਤਰ ਦਿੱਤਾ ਕਿ ਜੋ ਪਾਵਰ ਕਾਮ ਦੇ ਹੁਕਮ ਹਨ ਉਹਨਾਂ ਦੇ ਅਨੁਸਾਰ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।