ਮੈਨੂੰ ਵਾਹਿਗੁਰੂ ਨੇ ਦੁਆਬੇ ਵਿੱਚ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ : ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ
ਗੁਰਪ੍ਰੀਤ ਸਿੰਘ
ਅੰੰਮ੍ਰਿਤਸਰ, 15 ਅਪ੍ਰੈਲ 2024 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਵੱਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਤੇ ਉਸ ਦਾ ਪਰਿਵਾਰ ਅਤੇ ਜਲੰਧਰ ਤੋਂ ਐਮਐਲਏ ਪ੍ਰਗਟ ਸਿੰਘ ਅੱਜ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ।
ਚਰਨਜੀਤ ਸਿੰਘ ਚੰਨੀ ਵੱਲੋਂ ਆਮ ਸ਼ਰਧਾਲੂ ਦੇ ਵਾਂਗ ਲਾਈਨ ਵਿੱਚ ਲੱਗ ਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਗਿਆ ਅਤੇ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਉਹਨਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਹਨਾਂ ਪਹਿਲਾਂ ਖਰੜ ਤੇ ਚਮਕੌਰ ਸਾਹਿਬ ਵਿੱਚ ਰਹਿ ਕੇ ਸੇਵਾ ਕੀਤੀ ਹੈ ਅਤੇ ਖਰੜ ਤੇ ਚਮਕੌਰ ਸਾਹਿਬ ਵਿੱਚ ਬਹੁਤ ਸਾਰੀਆਂ ਵਿਕਾਸ ਕਾਰਜ ਕਰਵਾਏ ਹਨ ਅਤੇ ਹੁਣ ਜਲੰਧਰ ਦੇ ਲੋਕ ਉਹਨਾਂ ਨੂੰ ਮੌਕਾ ਦੇਣਗੇ ਤੇ ਜਲੰਧਰ ਵਿੱਚ ਬਤੌਰ ਸੰਸਦ ਦੇ ਤੌਰ ਤੇ ਉਹ ਜਲੰਧਰ ਵਿੱਚ ਵੀ ਬਹੁਤ ਸਾਰਾ ਵਿਕਾਸ ਕਰਵਾਉਣਗੇ ।
ਉਹਨਾਂ ਕਿਹਾ ਕੀ ਮੈਨੂੰ ਵਾਹਿਗੁਰੂ ਨੇ ਦੁਆਬੇ ਵਿੱਚ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਨੂੰ ਇਹ ਮਾਨ ਬਖਸ਼ਿਆ ਹੈ ਤੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਤੁਹਾਡੀ ਆਸ ਤੇ ਖਰਾ ਉਤਰਾਂਗਾ ਅਤੇ ਉਹਨਾਂ ਕਿਹਾ ਕਿ ਮੈਂ ਦੁਆਬੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਸੁਦਾਮਾ ਬਣ ਕੇ ਤੁਹਾਡੇ ਕੋਲ ਆਇਆ ਹਾਂ ਤੇ ਤੁਸੀਂ ਕ੍ਰਿਸ਼ਨ ਬਣ ਕੇ ਮੇਰਾ ਸਾਥ ਦਿਓ।