ਬਜ਼ੁਰਗ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ, 15 ਅਪ੍ਰੈਲ 2024 : ਗੁਰਦਾਸਪੁਰ ਦੇ ਕਸਬਾ ਕਾਦੀਆ ਦੇ ਮੁਹੱਲਾ ਧਰਮਪੁਰਾ 'ਚ ਗਲੀ 'ਚ ਪਾਣੀ ਸੁੱਟਣ ਨੂੰ ਲੈ ਕੇ ਇਲਾਕੇ ਦੇ ਕੁਝ ਲੋਕਾਂ ਨੇ ਬਜ਼ੁਰਗ ਮੰਗਲ ਦਾਸ ਦੀ ਕੁੱਟਮਾਰ ਕੀਤੀ ਸੀ, ਜਿਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਬਜ਼ੁਰਗ ਦਾਸ ਦੇ ਬਿਆਨ ਦਰਜ ਕਰਕੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਤਿੰਨ ਵਿਅਕਤੀ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰ ਰਹੇ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਵੀਡੀਓ ਵਿਸਾਖੀ ਵਾਲੇ ਦਿਨ ਯਾਨੀ 13 ਅਪ੍ਰੈਲ ਦੀ ਹੈ ਅਤੇ ਪਿੰਡ ਧਰਮਪੁਰਾ ਦੀ ਹੈ। ਇਲਾਕੇ ਦੇ ਕੁਝ ਲੋਕਾਂ ਨੇ ਬਜ਼ੁਰਗ ਦੀ ਕੁੱਟਮਾਰ ਕੀਤੀ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਜ਼ੁਰਗ ਮੰਗਲ ਦਾਸ ਦੇ ਬਿਆਨ ਦਰਜ ਕਰਕੇ ਮੁੰਹੱਲਾ ਨਿਵਾਸੀ ਤਰਸੇਮ ਕੁਮਾਰ, ਉਸ ਦੇ ਲੜਕੇ ਕਰਨ ਅਤੇ ਰੋਹਿਤ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੂਜੇ ਪਾਸੇ ਫੜੇ ਗਏ ਤਰਸੇਮ ਕੁਮਾਰ ਦੀ ਪਤਨੀ ਮੋਨਿਕਾ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਰਿਵਾਰਕ ਮੈਂਬਰਾਂ ਨੂੰ ਫਸਾਇਆ ਗਿਆ ਹੈ। ਉਸਨੇ ਕਿਹਾ ਕਿ ਘਰ ਦੀ ਸਫਾਈ ਕਰਦੇ ਸਮੇਂ ਗਲੀ 'ਚ ਪਾਣੀ ਡੁੱਲ ਗਿਆ ਸੀ। ਮੰਗਲ ਦਾਸ ਉਥੋਂ ਗੁਜ਼ਰ ਰਿਹਾ ਸੀ ਤਾਂ ਉਸ ਨੇ ਬਜ਼ੁਰਗ ਮੰਗਲ ਦਾਸ ਨੂੰ ਕਿਹਾ ਸੀ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਤੇ ਕੁਝ ਹੀ ਦੇਰ ਵਿੱਚੋਂ ਪਾਣੀ ਸਾਫ ਕਰ ਦੇਵੇਗੀ ਪਰ ਮੰਗਲਦਾਸ ਉਸ ਨਾਲ ਦੁਰਵਿਵਹਾਰ ਕਰਨ ਲੱਗ ਪਿਆ ਤਾਂ ਉਸ ਦਾ ਪਤੀ ਅਤੇ ਪੁੱਤਰ ਉੱਥੇ ਆ ਗਏ। ਮੰਗਲ ਦਾਸ ਨੇ ਉਹਨਾਂ ਨਾਲ ਵੀ ਝਗੜਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਮੰਗਲਦਾਸ ਨੂੰ ਸਿਰਫ ਹੱਥ ਲਗਾਇਆ ਤਾਂ ਉਹ ਜਾਣਬੁੱਝ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਡਰਾਮਾ ਰਚਣ ਲੱਗਾ।ਜਿਸ ਦੀ ਵੀਡੀਓ ਵਾਇਰਲ ਹੋ ਗਈ ਅਤੇ ਪੁਲਸ ਨੇ ਵੀਡੀਓ ਦੇ ਦਸਤਾਰ ਤੇ ਹੀ ਉਸਦੇ ਪੁੱਤਰਾਂ ਤੇ ਪਤੀ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ।