ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 9 ਵਿਅਕਤੀਆਂ ਦੇ ਕੱਟੇ ਚਲਾਨ
ਫ਼ਤਿਹਗੜ੍ਹ ਸਾਹਿਬ ,15 ਅਪ੍ਰੈਲ 2024 : ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਸਿਹਤ ਅਫਸਰ ਡਾ. ਜਗਜੀਤ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਬਲਾਕ ਐਕਸਟੈਨਸ਼ਨ ਐਜੂਕੇਟਰ ਮਹਾਵੀਰ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਰਣਦੀਪ ਸਿੰਘ, ਉਪਵੈਦ ਮਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਤੇ 9 ਦੁਕਾਨਾਂ/ਖੋਖਿਆਂ ਦੇ ਚਲਾਨ ਕੱਟੇ ਅਤੇ ਉਹਨਾਂ ਨੂੰ ਤੰਬਾਕੂ ਸੇਵਨ ਨਾਲ ਸਰੀਰ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ । ਜਿਲ੍ਹਾ ਸਿਹਤ ਅਫਸਰ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਸਰਹਿੰਦ ਸ਼ਹਿਰ, ਸਾਨੀਪੁਰ ਅਤੇ ਸੰਗਤਪੁਰ ਸੋਢੀਆਂ ਆਦਿ ਖੇਤਰਾਂ ਵਿੱਚ ਜਾ ਕੇ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਂਵਾ ਆਦਿ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮਨਾਹੀ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਖੁੱਲੀਆਂ ਸਿਗਰਟਾਂ ਦੀ ਵਿਕਰੀ ਕੀਤੀ ਜਾ ਰਹੀ ਸੀ, ਦੁਕਾਨਾਂ ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਵਾਲੇ ਸਾਈਨ ਬੋਰਡ ਵੀ ਨਹੀਂ ਲੱਗੇ ਹੋਏ ਸਨ।
ਇਸ ਤਰਾਂ ਉਹਨਾਂ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਸੀ। ਜਿਸ ਕਰਕੇ ਸਬੰਧਿਤ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਜੁਰਮਾਨਾ ਕੀਤਾ ਗਿਆ। ਇਸ ਮੌਕੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦਾ ਪਾਲਣ ਜਰੂਰੀ ਹੈ ਤਾਂ ਜੋ ਕੋਟਪਾ ਨੂੰ ਲਾਗੂ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਐਕਟ ਦੀ ਧਾਰਾ 6 ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ ਦੇ ਘੇਰੇ ਵਿਚ ਤੰਬਾਕੁ ਪਦਾਰਥਾਂ ਦੀ ਵਿਕਰੀ ਤੇ ਮਨਾਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾ ਉਸ ਵਿਰੁੱਧ ਐਕਟ ਅਨਸੁਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਆਉਂਦੇ ਸਮੇਂ ਵਿਚ ਵੀ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ, ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ ਅਤੇ ਕਿਤੇ ਵੀ ਐਕਟ ਉਲੰਘਣਾ ਹੋਣ ਤੇ ਜੁਰਮਾਨਾ ਕੀਤਾ ਜਾਵੇਗਾ।