ਪਮਾਲੀ ’ਚ ਡਾ. ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ
ਸੰਵਿਧਾਨ ਨੂੰ ਬਚਾਉਣ ਲਈ ਸਮਾਜ ਦਾ ਹਰ ਵਰਗ ਇੱਕਜੁਟ ਹੋ ਕੇ ਡਾ ਅੰਬੇਡਕਰ ਦੇ ਸਿਧਾਂਤਾਂ ਤੇ ਪਹਿਰਾ ਦੇਵੇ : ਆਗੂ
ਜੋਧਾਂ , 15 ਅਪ੍ਰੈਲ 2024 : ਭਾਰਤ ਦੇਸ਼ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਜਿੱਥੇ ਦੇਸ ਵਿਦੇਸ ਵਿੱਚ ਬੜੇ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਗਿਆ ਉਥੇ ਹੀ ਨੇੜ੍ਹਲੇ ਪਿੰਡ ਪਮਾਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸਸਰ ਸਾਹਿਬ ਵਿਖੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਡਾ ਅੰਬੇਡਕਰ ਜੀ ਦਾ ਜਨਮ ਦਿਨ ਬੜ੍ਹੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਜਸਵੀਰ ਸਿੰਘ ਪਮਾਲੀ ਪ੍ਰਮੁੱਖ ਆਗੂ ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਮੋਹਾਲੀ ਨੇ ਕਿਹਾ ਡਾ ਅੰਬੇਡਕਰ ਨੇ ਤੰਗੀਆਂ ਤੁਰਸ਼ੀਆਂ ਵਿੱਚ ਵੀ ਬ੍ਰਾਹਮਣੀ ਸਮਾਜ ਵਿੱਚ ਪਾਈ ਜਾਂਦੀ ਜਾਤੀ ਪਾਤੀ ਪ੍ਰਣਾਲੀ ਤੇ ਅਧਾਰਿਤ ਛੂਆ ਛਾਤ ਦਾ ਕਈ ਵਾਰ ਸਾਹਮਣਾ ਕੀਤਾ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਉਚ ਸਿੱਖਿਆ ਵੀ ਹਾਸਲ ਕੀਤੀ। ਭਾਰਤ ਰਤਨ ਬਾਬਾ ਸਾਹਿਬ ਸਿਰਲੱਥ ਯੋਧਾ ਸੀ ਜਿਹਨਾਂ ਨੇ ਸਦੀਆਂ ਤੋਂ ਗੁਲਾਮ ਮੂਲ ਨਿਵਾਸੀ ਸਮਾਜ ਨੂੰ ਆਜਾਦੀ ਦੇ ਸੰਗਰਾਮ ਵਿੱਚ ਉਚ ਪੱਧਰ ਦਾ ਤਿੱਖਾ ਅਤਰ ਕ੍ਰਾਂਤੀਕਾਰੀ ਸੰਘਰਸ ਕਰਨਾ ਪਿਆ।
ਉਹ ਉਨ੍ਹਾਂ ਮਹਾਂਪੁਰਸ਼ਾ ਵਿੱਚੋਂ ਸਨ ਜਿਹਨਾਂ ਨੇ ਆਪਣਾ ਸਾਰਾ ਜੀਵਨ ਮੂਲ ਨਿਵਾਸੀ ਸਮਾਜ ਦੀ ਗੁਲਾਮੀ ਦੀਆਂ ਪੁਰਾਣੀਆਂ ਕੜੀਆਂ ਨੂੰ ਤੋੜਨ ਲਈ ਨਿਛਾਵਰ ਕਰ ਦਿੱਤਾ ਸੀ। ਅਜਿਹਾ ਜੀਵਨ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਉਹਨਾਂ ਅੱਗੇ ਕਿਹਾ ਕਿ ਡਾ ਅੰਬੇਡਕਰ ਦੇ ਫਲਸਫੇ ਨੂੰ ਭਾਰਤ ਦੇ ਮੂਲ ਨਿਵਾਸੀਆਂ ਨੇ ਅਪਣਾਇਆ ਨਹੀਂ ਇਸੇ ਕਰਕੇ ਦੇਸ ਦੇ ਬਹੁਗਿਣਤੀ ਮੂਲ ਨਿਵਾਸੀ ਅੱਜ ਗਰੀਬੀ ਰੇਖਾ ਤੋਂ ਥੱਲੇ ਪੁੱਜ ਗਏ। ਉਹਨਾਂ ਅੱਗੇ ਕਿਹਾ ਕਿ ਜੇਕਰ ਭਾਰਤ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਸਮਾਜ ਦੇ ਹਰ ਵਰਗ ਨੂੰ ਇੱਕਜੁਟ ਹੋ ਕੇ ਡਾ ਅੰਬੇਡਕਰ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਗੋਲੂ, ਸੂਬੇਦਾਰ ਗੁਰਮੀਤ ਸਿੰਘ, ਅਵਤਾਰ ਸਿੰਘ ਸੇਵਾਮੁਕਤ ਖੇਤੀਬਾੜੀ ਅਫਸਰ, ਚਮਕੌਰ ਸਿੰਘ ਰਾਂਈ, ਬਲਵੀਰ ਸਿੰਘ ਮੁੱਖ ਗ੍ਰੰਥੀ , ਪ੍ਰੇਮ ਸਿੰਘ, ਸੁਖਦੇਵ ਸਿੰਘ ਫੌਜੀ, ਸੋਹਣ ਸਿੰਘ, ਬਹਾਦਰ ਸਿੰਘ, ਬਹਾਦਰ ਸਿੰਘ ਨੰਬਰਦਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।