ਅਰਵਿੰਦ ਖੰਨਾ ਦੇ ਘਿਰਾਓ ਕਰਨ ਦੀਆਂ ਤਿਆਰੀਆਂ ਕਰ ਰਹੇ ਕਿਸਾਨਾਂ ਨੂੰ ਪੁਲੀਸ ਨੇ ਕੀਤਾ ਗ੍ਰਿਫ਼ਤਾਰ
ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਅਰਵਿੰਦ ਖੰਨਾ ਦੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕੀਤਾ ਰਿਹਾਅ
ਜਿਲਾ ਪੁਲਿਸ ਵੱਲੋਂ ਇਹਤਿਆਤ ਦੇ ਤੌਰ ਤੇ ਵੱਡੇ ਪੱਧਰ ਤੇ ਕੀਤੀ ਗਈ ਪੁਲਿਸ ਤੈਨਾਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 15 ਅਪ੍ਰੈਲ 2024, ਪੂਰੇ ਪੰਜਾਬ ਅੰਦਰ ਚੱਲ ਰਹੇ ਭਾਜਪਾ ਆਗੂਆਂ ਦੇ ਘਰਾਓ ਦਾ ਸਿਲਸਿਲਾ ਅੱਜ ਮਾਲੇਰਕੋਟਲਾ ਵਿਖੇ ਵੀ ਵੇਖਣ ਨੂੰ ਮਿਲਿਆ ਜਦੋਂ ਭਾਜਪਾ ਆਗੂ ਅਰਵਿੰਦ ਖੰਨਾਂ ਦਾ ਘਿਰਾਓ ਕਰਨ ਲਈ ਪੁੱਜੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ-ਵਰਕਰਾਂ ਨੂੰ ਮੌਕੇ ‘ਤੇ ਪੁੱਜੀ ਮਾਲੇਰਕੋਟਲਾ ਪੁਲਸ ਜ਼ਬਰੀ ਚੁੱਕ ਕੇ ਹਿਮਤਾਣਾ ਚੌਕੀ ਅਤੇ ਥਾਣਾ ਸਦਰ ਅਹਿਮਦਗੜ੍ਹ ਲੈ ਗਈ। ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਤੇ ਵਰਕਰਾਂ ਨੇ ਅਰਵਿੰਦ ਖੰਨਾ ਦੇ ਮਾਲੇਰਕੋਟਲਾ ਵਿਖੇ ਪਹੁੰਚਣ ਦੀ ਸੂ ਮਿਲਣ ਤੇ ਦੁਪਹਿਰ 12 ਵਜੇ ਦੇ ਕਰੀਬ ਅਰਵਿੰਦ ਖੰਨਾ ਦਾ ਘਿਰਾਓ ਕਰਨ ਲਈ ਖੋਖਰ ਮਾਰਕੀਟ ਦੇ ਬਾਹਰ ਪੁੱਜ ਕੇ ਧਰਨਾ ਦਿੰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਦੀ ਭਿਣਕ ਪੈਂਦਿਆਂ ਹੀ ਪੁਲੀਸ ਮੌਕੇ ‘ਤੇ ਪੁੱਜ ਗਈ।ਪੁਲੀਸ ਅਧਿਕਾਰੀਆਂ ਨੇ ਪਹਿਲਾਂ ਕਿਸਾਨ ਨੇਤਾਵਾਂ ਨਾਲ ਗੱਲਬਾਤ ਕੀਤੀ ਪਰੰਤੂ ਜਦੋਂ ਗੱਲ ਸਿਰੇ ਨਾ ਚੜ੍ਹੀ ਤਾਂ ਪੁਲਸ ਨੇ ਜ਼ਬਰੀ ਕਿਸਾਨਾਂ ਨੂੰ ਚੁੱਕ ਹਿੰਮਤਾਨਾਂ ਪੁਲਸ ਚੌਂਕੀ ਲੈ ਗਈ।
ਜਿਸ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ । ਚੌਂਕੀ ‘ਚ ਬੰਦ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਮੁਤਾਬਕ ਮਾਲੇਰਕੋਟਲਾ ਪੁਲਸ ਵੱਲੋਂ ਕਿਸਾਨਾਂ ਨੂੰ ਚੁੱਕ ਕੇ ਹਿੰਮਤਾਨਾਂ ਚੌਂਕੀ ਅਤੇ ਅਹਿਮਦਗੜ੍ਹ ਥਾਣੇ ‘ਚ ਬੰਦ ਕੀਤੇ ਗਏ ਹਨ। ਪਤਾ ਲੱਗਦਿਆਂ ਹੀ ਹੋਰ ਬਲਾਕਾਂ ਦੇ ਕਿਸਾਨ ਵੀ ਹਿੰਮਤਾਨਾਂ ਚੌਂਕੀ ਦੇ ਬਾਹਰ ਇੱਕਠੇ ਹੋਣੇ ਸ਼ੁਰੂ ਹੋ ਗਏ ।ਹਿੰਮਤਾਨਾਂ ਚੌਂਕੀ ਦੇ ਬਾਹਰ ਧਰਨਾ ਲਾ ਦਿੱਤਾ। ਕਿਸਾਨ ਆਗੂ ਰਛਪਾਲ ਸਿੰਘ ਫਰੀਦਪੁਰ, ਨਗਿੰਦਰ ਸਿੰਘ, ਕਰਨੈਲ ਸਿੰਘ ਅਤੇ ਕਮਿੱਕਰ ਸਿੰਘ ਹਿੰਮਤਾਨਾਂ ਆਦਿ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਲੋਕਾਂ ਦੀ ਜ਼ਮਹੂਰੀ ਅਵਾਜ਼ ਨੂੰ ਬੰਦ ਕਰਨ ਦੇ ਰਾਹ ਤੁਰੀ ਹੋਈ ਹੈ। ਦੂਜੇ ਪਾਸੇ ਜਿਉਂ ਹੀ ਦੇਰ ਸ਼ਾਮ ਅਰਵਿੰਦ ਖੰਨਾਂ ਦਾ ਪ੍ਰੋਗਰਾਮ ਸਮਾਪਤ ਹੋਇਆ ਤਾਂ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਿੰਨੀ ਦੇਰ ਤੱਕ ਇਹ ਪ੍ਰੋਗਰਾਮ ਚੱਲਦਾ ਰਿਹਾ ਉਨੀ ਦੇਰ ਪੂਰੇ ਸ਼ਹਿਰ ਅੰਦਰ ਪੁਲਿਸ ਵੱਲੋਂ ਇਹਤਿਆਤ ਦੇ ਤੌਰ ਤੇ ਹਰ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਫੁੱਲ ਸਪੋਰਟ ਪੁਲਿਸ ਫੋਰਸ ਦਾ ਇੰਤਜ਼ਾਮ ਕੀਤਾ ਗਿਆ ਸੀ