ਚੋਣ ਜਾਬਤੇ ਦੀ ਸਮਾਪਤੀ ਤੋਂ ਬਾਅਦ ਵਿਕਾਸ ਦਾ ਵਿਸ਼ਵਾਸ਼ ਦਿਵਾਉਣ ’ਤੇ ਮੁਹੱਲਾ ਵਾਸੀਆਂ ਨੇ ਹਟਾਇਆ ਫਲੈਕਸ
ਦੀਪਕ ਗਰਗ
ਕੋਟਕਪੂਰਾ, 15 ਅਪ੍ਰੈਲ 2024 :- ਸ਼ਹਿਰ ਦੇ ਪਾਸ਼ ਇਲਾਕੇ ਵਜੋਂ ਜਾਣੀ ਜਾਂਦੀ ਢਿੱਲੋਂ ਕਲੋਨੀ ਦੇ ਵਸਨੀਕਾਂ ਵਲੋਂ ਲਗਾਤਾਰ 45 ਸਾਲਾਂ ਤੱਕ ਬੁਨਿਆਦੀ ਅਤੇ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਾਵਧਾਨ ਕਰਨ ਲਈ ਲਾਏ ਗਏ ਫਲੈਕਸ ਬੋਰਡ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਇਸ ਹਲਕੇ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਪਹੁੰਚ ਕੇ ਜਿੱਥੇ ਢਿੱਲੋਂ ਕਲੋਨੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸੁਣੀਆਂ, ਉੱਥੇ ਵਿਸ਼ਵਾਸ਼ ਦਿਵਾਇਆ ਕਿ ਇਸ ਕਲੋਨੀ ਦੀਆਂ ਲਗਭਗ ਸਾਰੀਆਂ ਗਲੀਆਂ ਦੇ ਟੈਂਡਰ ਹੋ ਚੁੱਕੇ ਹਨ ਪਰ ਚੋਣ ਜਾਬਤੇ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਦਾ।
ਮੁਹੱਲਾ ਵਾਸੀਆਂ ਨੇ ਹੈਰਾਨੀ ਪ੍ਰਗਟਾਈ ਕਿ ਪਿਛਲੇ 45 ਸਾਲਾਂ ਵਿੱਚ ਭਾਵੇਂ ਬਦਲ ਬਦਲ ਕੇ ਲਗਭਗ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਅਤੇ ਉਹਨਾ ਨੇ ਕਰੋੜਾਂ-ਅਰਬਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਪਰ ਢਿੱਲੋਂ ਕਲੋਨੀ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ।
ਉਕਤ ਕਲੋਨੀ ਦੇ ਪੜੇ-ਲਿਖੇ ਅਤੇ ਸੂਝਵਾਨ ਲੋਕਾਂ ਨੇ ਆਖਿਆ ਕਿ ਗਲੀਆਂ-ਨਾਲੀਆਂ, ਸੀਵਰੇਜ, ਪਾਣੀ ਸਪਲਾਈ, ਸਟਰੀਟ ਲਾਈਟਾਂ ਆਦਿ ਹਰ ਨਾਗਰਿਕ ਨੂੰ ਸਹੂਲਤ ਮੁਹੱਈਆ ਕਰਵਾਉਣ ਦੀ ਹਰ ਸਰਕਾਰ ਅਤੇ ਚੁਣੇ ਨੁਮਾਇੰਦੇ ਦੀ ਬਕਾਇਦਾ ਜਿੰਮੇਵਾਰੀ ਬਣਦੀ ਹੈ ਪਰ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਨੁਮਾਇੰਦੇ ਭਾਵੇਂ ਇਸ ਨੂੰ ਵਿਕਾਸ ਕਹਿ ਕੇ ਵੋਟਾਂ ਬਟੋਰ ਲੈਂਦੇ ਹਨ ਪਰ ਇਸ ਦੇ ਬਾਵਜੂਦ ਵੀ ਅਸੀਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਾਂ। ਸਪੀਕਰ ਸੰਧਵਾਂ ਦੇ ਵਿਸ਼ਵਾਸ਼ ਦਿਵਾਉਣ ’ਤੇ ਮੁਹੱਲਾ ਵਾਸੀਆਂ ਨੇ ਸਮੂਹ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਮੰਗਣ ਤੋਂ ਪਹਿਲਾਂ ਸਾਵਧਾਨ ਕਰਨ ਵਾਲਾ ਉਕਤ ਫਲੈਕਸ ਖੁਦ ਹੀ ਹਟਾ ਦਿੱਤਾ।