ਕੈਨੇਡਾ ਤੇ ਅਮਰੀਕੀ ਹਾਈ ਕਮਿਸ਼ਨਾਂ ਨੇ ਵੀ ਜਾਰੀ ਕੀਤੇ ਨੋਟੀਫਿਕੇਸ਼ਨ
ਨਵੀਂ ਦਿੱਲੀ, 12 ਮਾਰਚ, 2020 : ਭਾਰਤ ਸਰਕਾਰ ਨੇ ਦੇਸ਼ 'ਚ ਆਉਣ ਵਾਲਿਆਂ ਲਈ 15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਕਦਮ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਇਹ ਹੁਕਮ 13 ਮਾਰਚ ਤੋਂ ਲਾਗੂ ਹੋਣਗੇ। ਇਹਨਾਂ ਹੁਕਮਾਂ ਅਨੁਸਾਰ ਸਿਰਫ ਡਿਪਲੋਮੈਟਿਕ, ਅਧਿਕਾਰੀਆਂ, ਸੰਯੁਕਤ ਰਾਸ਼ਟਰ ਜਾਂ ਕੌਮਾਂਤਰੀ ਸੰਗਠਨਾਂ, ਰੋਜ਼ਗਾਰ ਤੇ ਪ੍ਰਾਜੈਕਟ ਵੀਜ਼ਾ ਲਈ ਛੋਟ ਹੋਵੇਗੀ। ਇਹ ਫੈਸਲਾ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੀ ਕਈ ਹੋਰ ਕੇਂਦਰੀ ਮੰਤਰੀਆਂ ਨਾਲ ਨਿਰਮਲ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਸਰਕਾਰੀ ਬਿਆਨ ਉਪਰੋਕਤ ਵਰਗਾਂ ਨੂੰ ਛੱਡ ਕੇ ਸਾਰੇ ਵੀਜ਼ੇ 15 ਅਪ੍ਰੈਲ ਤੱਕ ਸਸਪੈਂਡ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ ਸੀ ਆਈ) ਕਾਰਡ ਹੋਲਡਰਾਂ ਲਈ ਵੀਜ਼ਾ ਮੁਕਤ ਸਫਰ ਦੀ ਸਹੂਲਤ ਵੀ 15 ਅਪ੍ਰੈਲ ਤੱਕ ਬੰਦ ਰਹੇਗੀ। ਬਿਆਨ ਮੁਤਾਬਕ ਜੇਕਰ ਕਿਸੇ ਵੀ ਵਿਦੇਸ਼ੀ ਨਾਗਰਿਕ ਲਈ ਭਾਰਤ ਆਉਣ ਦੀ ਕੋਈ ਮਜਬੂਰੀ ਹੈ ਤਾਂ ਉਹ ਨੇੜਲੇ ਭਾਰਤੀ ਮਿਸ਼ਨ ਨਾਲ ਸੰਪਰਕ ਕਰ ਸਕਦਾ ਹੈ।
ਜ਼ਮੀਨੀ ਸਰਹੱਦਾਂ 'ਤੇ ਕੌਮਾਂਤਰੀ ਟਰੈਫਿਕ ਵੀ ਡੈਸੀਗਨੇਟਡ ਚੈਕ ਪੋਸਟ ਰਾਹੀਂ ਹੋਵੇਗਾ ਜਿਥੇ ਆਉਣ ਵਾਲੇ ਮੁਸਾਫਰਾਂ ਦੀ ਬਾਰੀਕੀ ਨਾਲ ਚੈਕਿੰਗ/ਸਕਰੀਨਿੰਗ ਕੀਤੀ ਜਾਵੇਗੀ।
ਇਸ ਦੌਰਾਨ ਕੈਨੇਡਾ ਅਤੇ ਅਮਰੀਕਾ ਵਿਚ ਭਾਰਤੀ ਸਫਾਰਤਖਾਨਿਆਂ ਨੇ ਵੀ ਭਾਰਤ ਸਰਕਾਰ ਵੱਲੋਂ ਲਏ ਫੈਸਲੇ ਅਨੁਸਾਰ ਸਾਰੇ ਵੀਜ਼ੇ ਸਸਪੈਂਡ ਕਰਨ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹਨ।