ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦੇ ਕਤਲ ਦੇ ਮਾਮਲੇ ‘ਚ ਸ਼ਾਮਿਲ ਹਮਲਾਵਰਾਂ ਦਾ ਇੱਕ ਸਾਥੀ ਗ੍ਰਿਫ਼ਤਾਰ
ਰੂਪਨਗਰ, 24 ਅਪ੍ਰੈਲ 2024: ਸੀਨੀਅਰ ਪੁਲਿਸ ਕਪਤਾਨ ਆਈਪੀਐਸ ਸ. ਗੁਲਨੀਤ ਸਿੰਘ ਖੁਰਾਣਾ ਨੇ ਅੱਜ ਇੱਥੇ ਇੱਕ ਪ੍ਰੈਸ ਬਿਆਨ ਵਿੱਚ ਖੁਲਾਸਾ ਕੀਤਾ ਕਿ ਵੀਐਚਪੀ (ਵਿਸ਼ਵ ਹਿੰਦੂ ਪ੍ਰੀਸ਼ਦ) ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਹਮਲਾਵਰਾਂ ਦੇ ਗਰੁੱਪ ਦਾ ਸਰਗਨਾ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮਿਤੀ 13-04-2024 ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਮੰਡਲ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਉਰਫ ਵਿਕਾਸ ਬੱਗਾ ਨਾਮਕ ਦੁਕਾਨਦਾਰ ਦੀ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਥਾਣਾ ਨੰਗਲ ਵਿਖੇ 13-04-2024 ਆਈ.ਪੀ.ਸੀ. ਦੀ ਧਾਰਾ 302/34 25/27-54-59 ਆਰਮ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 44 ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਮਿਤੀ 16.04.2024 ਨੂੰ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ 32 ਬੋਰ ਦੇ 02 ਪਸਤੌਲ, 16 ਜਿੰਦਾ ਕਾਰਤੂਸ, 01 ਖਾਲੀ ਕਾਰਤੂਸ ਅਤੇ ਅਪਰਾਧ ਵਿੱਚ ਵਰਤੇ ਗਏ ਇੱਕ ਟੀਵੀਐਸ ਜੁਪੀਟਰ ਸਕੂਟੀ ਬਰਾਮਦ ਕੀਤੀ ਗਈ ਹੈ।
ਖੁਰਾਣਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਮਿਲੀ ਜਾਣਕਾਰੀ ਉਤੇ ਤੁਰੰਤ ਕਾਰਵਾਈ ਕਰਦਿਆਂ ਐਫ.ਆਈ.ਆਰ. ਨੰ. 44 ਮਿਤੀ 13.04.2024 ਥਾਣਾ ਨੰਗਲ, ਰੂਪਨਗਰ ਪੁਲਿਸ ਨੇ ਗੁਰਪ੍ਰੀਤ ਰਾਮ ਉਰਫ ਗੋਰਾ ਵਾਸੀ ਪੁੰਨੂ ਮਜਾਰਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ 07 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਉਹ ਹੀ ਵਿਅਕਤੀ ਅਗਵਾਈ ਕਰ ਰਹੇ ਸਨ ਜਿਨ੍ਹਾਂ ਨੇ ਨੰਗਲ ਵਿਖੇ ਵੀ.ਐਚ.ਪੀ ਆਗੂ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦਾ ਕਤਲ ਕੀਤਾ ਸੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਰੂਪਨਗਰ ਪੁਲਿਸ ਜ਼ਿਲ੍ਹੇ ਵਿੱਚ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਪਰਾਧ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ।