ਰਜਨੀਸ਼ ਸਰੀਨ
- ਨਤੀਜਿਆਂ ਅਤੇ ਦਾਖਲਿਆਂ ਸਬੰਧੀ ਹਰ ਸਕੂਲ ਸੂਖਮ ਯੋਜਨਾਬੰਦੀ ਕਰੇ - ਡਾ. ਦਵਿੰਦਰ ਬੋਹਾ
ਬਠਿੰਡਾ, 22 ਫਰਵਰੀ 2020 - ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਬਿਹਤਰ ਨਤੀਜਿਆਂ ਲਈ ਸਿੱਖਿਆ ਵਿਭਾਗ ਪ੍ਰੀਖਿਆਵਾਂ ਲਈ ਹੋਰ ਗੰਭੀਰ ਹੈ। ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਅੱਜ ਜ਼ਿਲ੍ਹਾ ਬਠਿੰਡਾ/ ਮਾਨਸਾ ਦੇ ਸਿੱਖਿਆ ਅਧਿਕਾਰੀਆਂ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਸੰਬੋਧਨ ਕਰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਟੇਟ ਕੁਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਨਾਲ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਇਸ ਵਾਰ ਹੋਰ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਉਨ੍ਹਾ ਕਿਹਾ ਕਿ ਸਿੱਖਿਆ ਵਿਭਾਗ ਦਾ ਨਿਸ਼ਾਨਾ ਸਿਰਫ਼ ਪਾਸ ਪ੍ਰਤੀਸ਼ਤ ਤੱਕ ਸੀਮਿਤ ਨਹੀਂ ਸਗੋਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮੈਰਿਟ ਲਿਸਟਾਂ ਵਿੱਚ ਸ਼ਾਮਿਲ ਕਰਵਾਉਣਾ ਹੈ।
ਮਿਸ਼ਨ ਸ਼ਤ ਪ੍ਰਤੀਸ਼ਨ ਤਹਿਤ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਅੱਜ ਡਾ. ਦਵਿੰਦਰ ਸਿੰਘ ਬੋਹਾ ਨੇ ਬਠਿੰਡਾ ਤੇ ਮਾਨਸਾ ਦੇ ਦੋਹਾਂ ਜਿਲ੍ਹਾ ਸਿੱਖਿਆ ਅਫ਼ਸਰਾਂ , ਬਲਾਕ ਸਿੱਖਿਆ ਅਫ਼ਸਰਾਂ , ਸੈਂਟਰ ਹੈੱਡ ਟੀਚਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਟੀਮਾਂ ਵਿੱਚ ਸ਼ਾਮਿਲ ਜਿਲ੍ਹਾ ਕੋਆਰਡੀਨੇਟਰ, ਬੀ.ਐਮ.ਟੀ. ਅਤੇ ਸੀ.ਐਮ ਟੀਜ਼ ਨਾਲ ਮੌੜ ਦੇ ਸਰਸਵਤੀ ਕਾਲਜ ਵਿਖੇ ਸਕੂਲਾਂ ਦੇ ਨਤੀਜਿਆਂ ਸਬੰਧੀ ਵੱਖ ਵੱਖ ਤਰ੍ਹਾਂ ਦੇ ਅੰਕੜਿਆਂ ਦੀ ਘੋਖ ਪੜਤਾਲ ਕਰਦਿਆਂ ਸਾਰਥਿਕ ਨਤੀਜਿਆਂ ਦੀ ਪ੍ਰਾਪਤੀ ਲਈ ਭਰਵੀਂ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸਮੂਹ ਅਧਿਆਪਕ ਮਿਹਨਤ ਕਰ ਰਹੇ ਹਨ , ਪਰ ਬੇਹਤਰ ਨਤੀਜਿਆਂ ਲਈ ਯੋਜਨਾਬੰਦੀ ਕਰਨੀ ਹੋਰ ਵੀ ਜ਼ਰੂਰੀ ਹੈ। ਉਨ੍ਹਾਂ ਸੀ.ਐਚ.ਟੀ ਨੂੰ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਆਪਣੇ ਸਕੂਲਾਂ ਤੱਕ ਹੀ ਸੀਮਤ ਨਾ ਰਹਿਣ ਸਗੋਂ ਸੈਂਟਰ ਦੇ ਹਰ ਸਕੂਲ ਨੂੰ ਬਰਾਬਰ ਦੀ ਮਹੱਤਤਾ ਦਿੰਦਿਆਂ ਡੂੰਘਾਈ ਨਾਲ ਬੱਚਿਆਂ ਦੀ ਪੜ੍ਹਾਈ ਦੀ ਜਾਂਚ ਕਰਨ। ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਬਲਾਕ ਤੇ ਕਲੱਸਟਰ ਪੱਧਰ ਤੇ ਹਰ ਤਰ੍ਹਾਂ ਦੇ ਅੰਕੜਿਆਂ ਨਾਲ ਯੋਜਨਾਬੰਦੀ ਕਰਨ ਦੀ ਲੋੜ ਹੈ।
ਡਾ. ਦਵਿੰਦਰ ਬੋਹਾ ਨੇ ਦੋਹਾਂ ਜ਼ਿਲਿਆਂ ਦੇ ਇਕੱਲੇ ਇਕੱਲੇ ਸੈਂਟਰ ਹੈੱਡ ਅਧਿਆਪਕ ਨਾਲ ਮੀਟਿੰਗ ਦੌਰਾਨ ਸਿੱਧੀ ਗੱਲਬਾਤ ਰਾਹੀਂ ਸੈਂਟਰਾਂ ਅਧੀਨ ਆਉਂਦੇ ਸਮੁੱਚੇ ਸਕੂਲਾਂ ਦੀ ਜਾਣਕਾਰੀ ਹਾਸਿਲ ਕਰਦਿਆਂ ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਘੱਟ ਨਤੀਜਿਆਂ ਵਾਲੇ ਸਕੂਲਾਂ ਤੇ ਚਰਚਾ ਕਰਦਿਆਂ ਨਾਲ ਹੀ ਨਤੀਜਿਆਂ ਸਬੰਧੀ ਘਾਟਾਂ ਦੂਰ ਕਰਨ ਦੇ ਯਤਨਾਂ ਤੇ ਜੋਰ ਦਿੱਤਾ। ਇਸ ਮੌਕੇ ਉਨ੍ਹਾਂ ਵੱਲੋਂ ਬਠਿੰਡਾ ਜ਼ਿਲੇ ਦੇ ਸਮੁੱਚੇ ਸਰਕਾਰੀ ਸਕੂਲਾਂ ਵਿੱਚ ਐਲ.ਈ.ਡੀਜ਼ ਲਗਾ ਕੇ ਈ. ਕੰਨਟੈਂਟ ਰਾਹੀਂ ਸਿੱਖਿਆ ਸ਼ੁਰੂ ਕਰਨ ਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਘੱਟ ਨਤੀਜਿਆਂ ਵਾਲੇ ਸਕੂਲ ਹੈੱਡਜ਼ ਨਾਲ ਸਿੱਧੀ ਗੱਲਬਾਤ ਕਰਦਿਆਂ ਨਾ ਸਿਰਫ਼ ਘੱਟ ਨਤੀਜਿਆਂ ਵਾਲੇ ਵਿਦਿਆਰਥੀਆਂ ਪ੍ਰਤੀ ਸੂਖ਼ਮ ਯੋਜਨਾਬੰਦੀ ਉਲੀਕਣ ਦੇ ਨਿਰਦੇਸ਼ ਦਿੱਤੇ ਸਗੋਂ ਨਾਲ ਨਾਲ ਸਕੂਲ ਮੁਖੀਆਂ ਨੂੰ ਨਤੀਜਾ ਸ਼ਤ ਪ੍ਰਤੀਸ਼ਤ ਬਣਾਉਣ ਲਈ ਵੀ ਕਿਹਾ।
ਇਸ ਮੌਕੇ ਉਨ੍ਹਾ ਵੱਲੋਂ ਸਕੂਲਾਂ ਵਿੱਚ ਅਗਲੇ ਸੈਸ਼ਨ ਦੇ ਦਾਖਲਿਆਂ ਸਬੰਧੀ ਹੁਣ ਤੱਕ ਦਾਖਲ ਹੋਏ ਬੱਚਿਆਂ ਦੀ ਗਿਣਤੀ ਹਰੇਕ ਸੈਂਟਰ ਹੈੱਡ ਅਧਿਆਪਕ ਪਾਸੋਂ ਪ੍ਰਾਪਤ ਕਰਦਿਆਂ ਘੱਟ ਦਾਖਲੇ ਵਾਲੇ ਸੈਂਟਰਾਂ ਨੂੰ ਆਪਣਾ ਤਹਿ ਟੀਚਾ ਇਸੇ ਮਹੀਨੇ ਦੇ ਆਖੀਰ ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵੱਖ ਵੱਖ ਸੈਂਟਰਾਂ ਦੇ ਅਧਿਆਪਕਾਂ ਵੱਲੋਂ ਆਪਣੇ ਆਪਣੇ ਸੈਂਟਰਾਂ ਦੀ ਸਲਾਈਡ ਪ੍ਰੋਜੈਕਟਰ ਰਾਹੀਂ ਪੇਸ਼ਕਾਰੀ ਵੀ ਦਿੱਤੀ ਗਈ। ਮੀਟਿੰਗ ਦੌਰਾਨ ਸੈਂਟਰ ਹੈੱਡ ਟੀਚਰ ਰਣਜੀਤ ਬਰਾੜ ਤਲਵੰਡੀ ਸਾਬੋ, ਪੂਜਾ ਰਾਣੀ ਗੋਨਿਆਣਾ, ਬੁੱਗਰ ਸਿੰਘ ਬਠਿੰਡਾ, ਪ੍ਰੀਤਮ ਸਿੰਘ ਗੁਰਨੇਕਲਾਂ, ਬਲਜਿੰਦਰ ਸਿੰਘ ਖਿਆਲਾ ਕਲਾਂ, ਅਮਨਦੀਪ ਸਿੰਘ ਬਾਲਿਆਂ ਵਾਲੀ, ਵਿਜੇ ਕੁਮਾਰ ਬਹਾਦਰਪੁਰ ਨੇ ਨਤੀਜਿਆਂ ਦੀ ਬੇਹਤਰੀ ਅਤੇ ਨਵੇਂ ਦਾਖਲਿਆਂ ਸਬੰਧੀ ਆਪਣੇ ਸੁਝਾਅ ਵੀ ਦਿੱਤੇ।
ਇਸ ਮੌਕੇ ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ, ਰਾਜਵੰਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ, ਬਲਜੀਤ ਸਿੰਘ ਸੰਦੋਹਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ, ਸ਼ਿਵਪਾਲ ਗੋਇਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ, ਗੁਰਲਾਭ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ, ਹਰਪਾਲ ਸਿੰਘ ਬਾਜਕ ਕੁਆਰਡੀਨੇਟਰ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵਿੱਚ ਦਰਸ਼ਨ ਸਿੰਘ ਜੀਦਾ ਬਠਿੰਡਾ ਬਲਾਕ , ਸੁਨੀਲ ਕੁਮਾਰ ਗੋਨਿਆਣਾਂ ਬਲਾਕ, ਹਰਮੰਦਰ ਸਿੰਘ ਬਰਾੜ ਰਾਮਪੁਰਾ, ਰਾਜਾ ਸਿੰਘ ਭਗਤਾ, ਤਰਸੇਮ ਸਿੰਘ ਬਲਾਕ ਬਰੇਟਾ, ਅਮਨਦੀਪ ਸਿੰਘ ਬੁਢਲਾਡਾ ਬਲਾਕ, ਸਤਵਿੰਦਰ ਕੌਰ ਮਾਨਸਾ ਬਲਾਕ, ਹਰਬੰਤ ਸਿੰਘ ਝੁਨੀਰ, ਲਖਵਿੰਦਰ ਸਿੰਘ ਸਰਦੂਲਗੜ੍ਹ ਬਲਾਕ, ਰਣਜੀਤ ਸਿੰਘ ਮਾਨ ਜ਼ਿਲ੍ਹਾ ਕੁਆਰਡੀਨੇਟਰ ਬਠਿੰਡਾ, ਗੁਰਨੈਬ ਸਿੰਘ ਮਘਾਣੀਆ ਜ਼ਿਲ੍ਹਾ ਕੁਆਰਡੀਨੇਟਰ ਮਾਨਸਾ, ਹਰਦੀਪ ਸਿੱਧੂ ਮਾਨਸਾ, ਰਾਜੇਸ਼ ਕੁਮਾਰ ਬੁਢਲਾਡਾ, ਰਾਜਿੰਦਰ ਸਿੰਘ ਕੋਠੇ ਇੰਦਰ ਸਿੰਘ , ਸੁਖਪਾਲ ਸਿੱਧੂ ਆਦਿ ਵੀ ਇੱਥੇ ਹਾਜ਼ਰ ਸਨ।