ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2020 - ਕੇਂਦਰੀ ਪੰਜਾਬ ਯੂਨੀਵਰਸਿਟੀ ਬਠਿੰਡਾ ਦਾ ਕੁਐਸਚਨ ਬੈਂਕ ਹੈਕ ਹੋਣ ਸਬੰਧੀ ਸਾਹਮਣੇ ਆਉਣ ਤੋਂ ਬਾਅਦ ਵਰਸਿਟੀ ਪ੍ਰਬੰਧਕਾਂ ਨੇ 13 ਇਮਤਿਹਾਨ ਰੱਦ ਕਰ ਦਿੱਤੇ ਹਨ ਜੋਕਿ 6 ਤੋਂ 8 ਜੁਲਾਈ ਤੱਕ ਕਰਵਾਏ ਗਏ ਸਨ। ਯੂਨੀਵਰਸਟੀ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜਰ ਆਨਲਾਈਨ ਪ੍ਰੀਖਿਆ ਕਰਾਉਣ ਦਾ ਫੈਸਲਾ ਕੀਤਾ ਸੀ। ਯੂਨੀਵਰਸਿਟੀ ਪ੍ਰਬੰਧਕਾਂ ਨੇ ਸਿਰਫ ਡੇਟਸ਼ੀਟ ਜਾਰੀ ਕੀਤੀ ਸੀ ਅਤੇ ਵਿਦਿਆਰਥੀਆਂ ਨੂੰ ਘਰ ਬੈਠ ਕੇ ਆਪਣੀ ਪ੍ਰੀਖਿਆ ਦੇਣ ਦੀ ਚੋਣ ਕਰਨ ਦੀ ਖੁੱਲ ਦਿੱਤੀ ਗਈ ਸੀ। ਕੇਂਦਰੀ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਆਰ ਕੇ ਕੋਹਲੀ ਦਾ ਕਹਿਣਾ ਸੀ ਕਿ ਬੁੱਧਵਾਰ ਨੂੰ ਇਸ ਸਬੰਧੀ ਪਤਾ ਲੱਗਿਆ ਸੀ ਜਿਸ ਦੇ ਚੱਲਦਿਆਂ 6-8 ਜੁਲਾਈ ਤੋਂ ਲਈਆਂ ਗਈਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਉਨਾਂ ਦੱਸਿਆ ਕਿ ਵਰਸਟੀ ਫੈਕਲਟੀ ਨੂੰ ਸਾਰੇ ਵਿਸ਼ਿਆਂ ਦੇ ਪਸ਼ਨ ਪੱਤਰ ਤਿਆਰ ਕਰਨ ਲਈ ਆਖ ਦਿੱਤਾ ਗਿਆ ਹੈ ਅਤੇ ਜਲਦੀ ਹੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਫੈਕਲਟੀ ਮੈਂਬਰਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਈਮੇਲ ਭੇਜ ਕੇ ਦਾਅਵਾ ਕੀਤਾ ਸੀ ਕਿ ਵਰਸਿਟੀ ਦੇ ਕੁਐਸਚਨ ਬੈਂਕ ਨੂੰ ਹੈਕ ਕਰ ਲਿਆ ਗਿਆ ਹੈ। ਕੋਹਲੀ ਨੇ ਦੱਸਿਆ ਕਿ ਇਹ ਈ-ਮੇਲ ਪ੍ਰੋਟੋਨਮੇਲ ਤੋਂ ਭੇਜੀ ਗਈ ਸੀ, ਜੋਕਿ ਅਦਾਇਗੀ ਕੀਤੀ ਈਮੇਲ ਸੇਵਾ ਹੈ। ਇੱਥੇ ਇੱਕ ਲਿੰਕ ਦਿੱਤਾ ਗਿਆ ਸੀ ਜਿਸ ‘ਤੇ ਕਲਿੱਕ ਕਰਨ ਨਾਲ ਸਾਰੇ ਪ੍ਰਸ਼ਨਾਂ ਤੱਕ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਇਕ ਗੰਭੀਰ ਮਾਮਲਾ ਹੈ ਜਿਸ ਦੀ ਬਠਿੰਡਾ ਪੁਲਿਸ ਨੂੰ ਸ਼ਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਪ੍ਰੋਟੋਨਮੇਲ ਇੱਕ ਅਤਿਆਧੁਨਿਕ ਤਕਨੀਕੀ ਪਲੇਟਫਾਰਮ ਹੈ ਜਿੱਥੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨਾ ਮੁਸ਼ਕਲ ਹੈ। ਯੂਨੀਵਰਸਿਟੀ ਵਿਚਲੇ ਸੂਤਰ ਦੱਸਦੇ ਹਨ ਕਿ ਈਮੇਲ ਭੇਜਣ ਵਾਲੇ ਨੇ ਦੱਸਿਆ ਸੀ ਕਿ ਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਪ੍ਰੀਖਿਆ ਲੈਣ ਦਾ ਆਨਲਾਈਨ ਪ੍ਰਬੰਧ ਦੋਸ਼ਪੂਰਨ ਹੈ ਅਤੇ ਬਹੁਤੇ ਵਿਦਿਆਰਥੀ ਪ੍ਰਖਿਆ ਦੇਣ ਤੋਂ ਅਸਮਰੱਥ ਹਨ।
ਹਾਲਾਂਕਿ ਫੈਕਲਟੀ ਮੈਂਬਰਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਲਈ ਆਨਲਾਈਨ ਬਦਲ ਸੀ ਜਿਸ ਨੂੰ ਬਹੁਤਿਆਂ ਨੇ ਚੁਣਿਆ ਸੀ ਫਿਰ ਵੀ ਇੱਕ ਵਾਰ ਇਹ ਸਿਸਟਮ ਫੇਲ ਹੋ ਗਿਆ ਹੈ। ਗੌਰਤਲਬ ਹੈ ਕਿ ਪਹਿਲਾਂ ਵਰਸਿਟੀ ਇਮਤਿਹਾਨ ਕੈਂਪਸ ਦੇ ਅੰਦਰ ਲੈਂਦੀ ਸੀ ਪਰ ਮਹਾਂਮਾਰੀ ਕਾਰਨ ਵਿਦਿਆਰਥੀਆਂ ਦੀ ਸਹੂਲਤ ਲਈ, ਇਸ ਸਾਲ ਅਨਲਾਈਨ ਢੰਗ ਅਪਣਾਇਆ ਗਿਆ ਸੀ। ਵਾਈਸ ਚਾਂਸਲਰ ਨੇ ਕਿਹਾ ਕਿ ਪ੍ਰਸ਼ਨ ਪੱਤਰ ਅਪਲੋਡ ਕਰਨ ਲਈ ਅਧਿਆਪਕਾਂ ਨੂੰ ਕੁਐਸਚਨ ਬੈਂਕ ਤੱਕ ਆਨਲਾਈਨ ਪਹੁੰਚ ਦਿੱਤੀ ਗਈ ਸੀ। ਉਨਾਂ ਦੱਸਿਆ ਕਿ ਸਿਸਟਮ ਪਾਸਵਰਡ ਨਾਲ ਚੱਲਣਾ ਸੀ, ਫਿਰ ਵੀ ਕਿਸੇ ਨਾਂ ਕਿਸੇ ਪੱਧਰ ਤੇ ਗੜਬੜ ਹੋਈ ਹੈ। ਰੌਚਕ ਤੱਥ ਹੈ ਕਿ ਯੂਨੀਵਰਸਿਟੀ ਨੇ ਇੱਕ ਖਾਸ ਸੂਬੇ ਨਾਲ ਸਬੰਧਤ ਕਰੀਬ 8-10 ਵਿਦਿਆਰਥੀਆਂ ਨੂੰ ਜੀਰੋ ਤੇ ਲੈਆਂਦਾ ਹੈ, ਜਿਨਾਂ ਨੇ ਪਹਿਲੇ ਤਿੰਨ ਦਿਨਾਂ ਦੌਰਾਨ ਕਰਵਾਈ ਗਈ ਸਮੈਸਟਰ ਪ੍ਰੀਖਿਆ ਦੌਰਾਨ ਕਾਫੀ ਚੰਗੇ ਅੰਕ ਹਾਸਲ ਕੀਤੇ ਸਨ।
ਅੰਦਰੂਨੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਨਾਂ ਵਿਦਿਆਰਥੀਆਂ ਦੇ ਪਿਛਲੇ ਸਮੈਸਟਰਾਂ ’ਚ ਅੰਕ ਸਨ ਔਸਤਨ ਜਦੋਂਕਿਆਨ ਲਾਈਨ ਪ੍ਰੀਖਿਆ ਦੌਰਾਨ ਉਨਾਂ ਨੇ 92 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ, ਜੋ ਕਿ ਹੋਰਨਾਂ ਵਿਦਿਆਰਥੀਆਂ ਦੇ ਮੁਕਾਬਲੇ ਕਾਫੀ ਵੱਧ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਵਰਸਟੀ ਤਰਫੋਂ ਇੰਨਾਂ ਤੱਥਾਂ ਤੋਂ ਪੁਲਿਸ ਅਧਿਕਾਰੀਆਂ ਨੂੰ ਜਾਣੂੰੰ ਕਰਵਾ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਕੰਵਰਪਾਲ ਸਿੰਘ ਨੇ ਦੱਸਿਆ ਸੀ ਕਿ ਵਰਸਟੀ ਵੱਲੋਂ ਲਿਆ ਇੱਕ ਮੌਕ ਟੈਸਟ ਸਫਲ ਰਿਹਾ ਸੀ ਜਿਸ ’ਚ 500 ਵਿਦਿਆਰਥੀਆਂ ਵਿਚੋਂ 400 ਨੇ ਬਿਨਾਂ ਕਿਸੇ ਮੁਸ਼ਕਲ ਦੇ ਘਰ ਬੈਠਿਆਂ ਹਿੱਸਾ ਲਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ’ਚ ਵੀ ਪ੍ਰਸ਼ਨ ਪੱਤਰਾਂ ਦਾ ਕਥਿਤ ਘਾਲਾ ਮਾਲਾ ਸਾਹਮਣੇ ਆਇਆ ਸੀ ਜਦੋਂਕਿ ਹੁਣ ਕੇਂਦਰੀ ਯੂਨੀਵਰਸਿਟੀ ਇਸ ਮਾਮਲੇ ’ਚ ਘਿਰ ਗਈ ਹੈ।
ਮਾਮਲੇ ਦੀ ਹਰ ਪਹਿਲੂ ਤੋਂ ਜਾਂਚ:ਡੀਐਸਪੀ
ਜਾਂਚ ਅਧਿਕਾਰੀ ਡੀਐਸਪੀ ਸਿਟੀ ਆਸ਼ਵੰਤ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਪੁਲਿਸ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਹੈਕਰ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਜਾਂ ਕੋਈ ਅਜਿਹਾ ਟਰੇਂਡ ਵਿਅਕਤੀ ਜਾਂ ਇਸ ਕੰਮ ਪਿੱਛੇ ਕੋਈ ਟੀਮ ਕੰਮ ਕਰ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਮੁਢਲੇ ਤੌਰ ਤੇ ਕੁੱਝ ਵੀ ਸਾਹਮਣੇ ਨਹੀਂ ਆਇਆ ਪਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।