'ਪਾਣੀ ਹੋ ਗਏ ਡੂੰਗੇ' ਗਾਉਣ ਵਾਲੇ ਗਾਇਕ 'ਤੇ ਹੋਇਆ ਬਲਾਤਕਾਰ ਦਾ ਪਰਚਾ
ਬਠਿੰਡਾ, 25 ਅਕਤੂਬਰ 2018 - ਪੰਜਾਬੀ ਗਾਇਕ ਸ਼ਿੰਦਾ ਸ਼ੌਂਕੀ ਜੋ ਕਿਸੇ ਸਮੇਂ ਮਸ਼ਹੂਰ ਗਾਇਕਾ ਮਿਸ ਪੂਜਾ ਨਾਲ ਦੋਗਾਣਾ ਜੋੜੀ ਕਾਰਨ ਮਸ਼ਹੂਰ ਹੋਇਆ ਸੀ, ਅੱਜ ਇੱਕ ਵਾਰ ਫਿਰ ਤੋਂ ਚਰਚਾ 'ਚ ਆ ਗਿਆ। ਇਸ ਵਾਰ ਗਾਇਕ ਸ਼ਿੰਦਾ ਸ਼ੌਂਕੀ ਦਾ ਕੋਈ ਗਾਣਾ ਮਸ਼ਹੂਰ ਨਹੀਂ ਹੋਇਆ ਸਗੋਂ ਉਸ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਹੈ।
ਜਾਣਕਾਰੀ ਮੁਤਾਬਕ ਸ਼ੌਂਕੀ ਖਿਲਾਫ ਬਠਿੰਡਾ ਸਿਵਲ ਲਾਈਨਜ਼ ਪੁਲੀਸ ਨੇ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਅਨੁਸਾਰ ਸ਼ੌਂਕੀ 'ਤੇ ਗਿਆਰਵੀਂ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਗਾਇਕ ਸ਼ਿੰਦਾ ਨੇ ਉਸ ਦੀ ਭਾਣਜੀ ਨੂੰ ਸਕੂਲ ਛੱਡਣ ਦੇ ਬਹਾਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਜਾ ਕੇ ਉਸ ਨਾਲ ਬਲਾਤਕਾਰ ਕੀਤਾ। ਫਿਲਹਾਲ ਸ਼ਿੰਦਾ ਸ਼ੌਂਕੀ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਉਸ ਨੇ ਸ਼ਹਿਰ 'ਚ ਇਕ ਝੀਲ ਦੇ ਨੇੜੇ ਉਸ ਨੂੰ ਛੱਡ ਦਿੱਤਾ। ਸ਼ਿਕਾਇਤਕਰਤਾ ਅਤੇ ਪੀੜਤ ਬੁੱਧਵਾਰ ਨੂੰ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੂੰ ਮਿਲੇ ਅਤੇ ਸ਼ਿਕਾਇਤ ਦਰਜ ਕਰਵਾਈ। ਜ਼ਿਕਰਯੋਗ ਹੈ ਕਿ ਸ਼ਿੰਦਾ ਸ਼ੌਂਕੀ 'ਝੋਨਾ', 'ਝੋਨਾ 2', 'ਕਾਲਜ', 'ਅੰਨਦਾਤਾ', 'ਵੈਲੀ', 'ਮੋਬਾਈਲ', 'ਸਰੂਰ' ਵਰਗੇ ਗੀਤਾਂ ਨਾਲ ਕਾਫੀ ਲੋਕਪ੍ਰਿਯਤਾ ਹਾਸਲ ਕਰ ਚੁੱਕਿਆ ਹੈ।